ਮਣੀਪੁਰ ਘਟਨਾ ਦੀ ਪੀੜਤ ਔਰਤ ਨੇ ਬਿਆਨਿਆ ਦਰਦਨਾਕ ਮੰਜ਼ਰ
![](http://mehakewattan.com/wp-content/uploads/2023/07/2023_4image_13_27_344946130rape2-ll.jpg)
ਨਵੀਂ ਦਿੱਲੀ : ਮਣੀਪੁਰ ’ਚ ਕੂਕੀ-ਜੋਮੀ ਫਿਰਕੇ ਦੀਆਂ ਦੋ ਔਰਤਾਂ ਨੂੰ ਨਗਨ ਕਰ ਕੇ ਘੁਮਾਉਣ ਅਤੇ ਉਨ੍ਹਾਂ ਨਾਲ ਸੈਕਸ ਸ਼ੋਸ਼ਣ ਦੀ ਵੀਡੀਓ ਸਾਹਮਣੇ ਆਉਣ ਦੇ ਇਕ ਦਿਨ ਬਾਅਦ ਪੀੜਤਾਂ ਦੇ ਬਿਆਨ ਵੀ ਸਾਹਮਣੇ ਆਏ ਹਨ। ਮੀਡੀਆ ਨਾਲ ਗੱਲਬਾਤ ’ਚ ਇਕ ਪੀੜਤਾ ਨੇ ਦਿਲ ਦਹਿਲਾ ਦੇਣ ਵਾਲੀ ਆਪ-ਬੀਤੀ ਸੁਣਾਈ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਪੁਲਸ ਵੀ ਭੀੜ ਨਾਲ ਮਿਲ ਗਈ ਸੀ ਅਤੇ ਸਾਨੂੰ ਦਰਿੰਦਿਆਂ ਦੇ ਕੋਲ ਇਕੱਲਾ ਛੱਡ ਕੇ ਮੂਕ ਦਰਸ਼ਕ ਬਣੀ ਰਹੀ। ਇਸ ਸਬੰਧ ’ਚ 18 ਮਈ ਨੂੰ ਦਰਜ ਕੀਤੀ ਗਈ ਇਕ ਸ਼ਿਕਾਇਤ ’ਚ ਪੀੜਤਾਂ ਨੇ ਇਹ ਵੀ ਦੋਸ਼ ਲਾਇਆ ਸੀ ਕਿ 20 ਸਾਲਾ ਔਰਤ ਨਾਲ ਦਿਨ-ਦਿਹਾੜੇ ਬੇਰਹਿਮੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ।
ਮੀਡੀਆ ਨਾਲ ਫੋਨ ’ਤੇ ਗੱਲਬਾਤ ਦੌਰਾਨ ਪੀੜਤ ਔਰਤ ਨੇ ਕਿਹਾ ਕਿ ਪੁਲਸ ਉਸ ਭੀੜ ਦੇ ਨਾਲ ਮਿਲੀ ਹੋਈ ਸੀ, ਜੋ ਸਾਡੇ ਪਿੰਡ ’ਤੇ ਹਮਲਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਥੌਬਲ ਪੁਲਸ ਨੇ ਸਾਨੂੰ ਘਰ ਦੇ ਕੋਲੋਂ ਚੁੱਕਿਆ ਅਤੇ ਪਿੰਡ ਤੋਂ ਥੋੜ੍ਹੀ ਦੂਰ ਲਿਜਾ ਕੇ ਭੀੜ ਦੇ ਕੋਲ ਸੜਕ ’ਤੇ ਛੱਡ ਦਿੱਤਾ… ਸਾਨੂੰ ਪੁਲਸ ਨੇ ਦਰਿੰਦਿਆਂ ਨੂੰ ਸੌਂਪ ਦਿੱਤਾ ਸੀ।
ਸ਼ਿਕਾਇਤ ’ਚ ਪੀੜਤ ਔਰਤਾਂ ਨੇ ਕਿਹਾ ਸੀ ਕਿ ਇਸ ਘਟਨਾ ’ਚ ਪਿੰਡ ਦੇ ਪੰਜ ਲੋਕ ਸ਼ਾਮਲ ਸਨ। ਵੀਡੀਓ ’ਚ ਵਿਖਾਈ ਦੇਣ ਵਾਲੀਆਂ 2 ਔਰਤਾਂ ਤੋਂ ਇਲਾਵਾ ਇਕ 50 ਸਾਲਾ ਹੋਰ ਔਰਤ ਵੀ ਸੀ, ਜਿਸ ਨੂੰ ਕਥਿਤ ਤੌਰ ’ਤੇ ਨਗਨ ਕਰ ਦਿੱਤਾ ਗਿਆ ਸੀ ਅਤੇ ਸਭ ਤੋਂ ਛੋਟੀ ਔਰਤ ਦੇ ਪਿਤਾ ਅਤੇ ਭਰਾ ਸਨ। ਦੋਸ਼ ਹੈ ਕਿ ਉਨ੍ਹਾਂ ਨੂੰ ਦਰਿੰਦਿਆਂ ਦੀ ਭੀੜ ਨੇ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਉਹ ਜਾਨ ਬਚਾਉਣ ਲਈ ਦੌੜ ਰਹੇ ਸਨ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)