ਗਾਂਧੀ ਬਾਰੇ ਵਿਵਾਦਿਤ ਟਿੱਪਣੀ ਕਰਨ ਵਾਲੇ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ : ਫੜਨਵੀਸ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਕਿਹਾ ਕਿ ਮਹਾਤਮਾ ਗਾਂਧੀ ਬਾਰੇ ਕਥਿਤ ਤੌਰ ’ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਸੱਜੇ ਪੱਖੀ ਕਾਰਕੁਨ ਸੰਭਾਜੀ ਭਿੜੇ ਖ਼ਿਲਾਫ਼ ਪੁਲੀਸ ਉਚਿਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜ਼ਿਕਰਯੋਗ ਹੈ ਕਿ ਅਮਰਾਵਤੀ ਵਿੱਚ ਇਕ ਸਮਾਗਮ ਦੌਰਾਨ ਵੀਰਵਾਰ ਨੂੰ ਗਾਂਧੀ ਜੀ ਦੇ ਵੰਸ਼ ਬਾਰੇ ਟਿੱਪਣੀ ਕਰਨ ਦੇ ਦੋਸ਼ ਹੇਠ ਰਾਜਪਥ ਪੁਲੀਸ ਵੱਲੋਂ ਭਿੜੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਨਾਗਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੜਨਵੀਸ ਨੇ ਕਿਹਾ,‘ਮੈਂ ਸੰਭਾਜੀ ਭਿੜੇ ਦੇ ਬਿਆਨ ਦੀ ਨਿੰਦਾ ਕਰਦਾ ਹਾਂ। ਮਹਾਤਮਾ ਗਾਂਧੀ ਰਾਸ਼ਟਰ ਪਿਤਾ ਅਤੇ ਆਜ਼ਾਦੀ ਘੋਲ ਦੇ ਮਹਾਨਾਇਕ ਹਨ। ਉਨ੍ਹਾਂ ਖ਼ਿਲਾਫ਼ ਅਜਿਹੀਆਂ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਜਾਵੇਗਾ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ,‘ਮੈਂ ਇਹ ਸਪੱਸ਼ਟ ਤੌਰ ’ਤੇ ਆਖਦਾ ਹਾਂ ਕਿ ਸੰਭਾਜੀ ਭਿੜੇ ਜਾਂ ਕੋਈ ਹੋਰ ਅਜਿਹੇ ਬਿਆਨ ਨਹੀਂ ਦੇ ਸਕਦਾ ਕਿਉਂਕਿ ਇਸ ਨਾਲ ਲੋਕਾਂ ਵਿੱਚ ਰੋਹ ਪੈਦਾ ਹੁੰਦਾ ਹੈ ਅਤੇ ਉਹ ਗਾਂਧੀ ਜੀ ਦੀ ਬੇਇੱਜ਼ਤੀ ਕਦੇ ਨਹੀਂ ਝੱਲਣਗੇ।’ ਫੜਨਵੀਸ ਨੇ ਇਹ ਵੀ ਕਿਹਾ ਕਿ ਭਿੜੇ ਆਜ਼ਾਦ ਸੰਗਠਨ (ਸ੍ਰੀ ਸ਼ਿਵ ਪ੍ਰਤਿਸ਼ਠਥਾਨ ਹਿੰਦੁਸਤਾਨ) ਚਲਾਉਂਦੇ ਹਨ ਅਤੇ ਉਨ੍ਹਾਂ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ।

Add a Comment

Your email address will not be published. Required fields are marked *