ਸ਼ਰਧਾ ਦਾ ਕਾਤਲ ਪ੍ਰੇਮੀ ਆਫਤਾਬ ਪੂਨਾਵਾਲਾ; ਫੂਡ ਬਲਾਗਰ ਤੋਂ ਬਣਿਆ ‘ਕਿਲਰ’

ਨਵੀਂ ਦਿੱਲੀ- ਪੇਸ਼ੇ ਤੋਂ ਸ਼ੈੱਫ ਅਤੇ ਫੋਟੋਗ੍ਰਾਫ਼ਰ ਆਫਤਾਬ ਆਮੀਨ ਪੂਨਾਵਾਲਾ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਕ ਦਿਨ ਉਹ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦੇਵੇਗਾ। ਆਫਤਾਬ (28) ’ਤੇ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਵਾਕਰ (27) ਦੇ ਕਤਲ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰਨ ਦਾ ਦੋਸ਼ ਹੈ। ਪੇਸ਼ੇ ਤੋਂ ‘ਫੂਡ ਬਲਾਗਰ’ ਦੀ ਤੁਲਨਾ ਹੁਣ ਬਦਨਾਮ ਸੀਰੀਅਲ ਕਿਲਰ ਅਤੇ ਜਿਨਸੀ ਅਪਰਾਧੀ ਜੈਫਰੀ ਡਾਹਮਰ ਅਤੇ ਟੇਡ ਬੰਡੀ ਨਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਕਈ ਔਰਤਾਂ ਨਾਲ ਬਲਾਤਕਾਰ ਅਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। 

‘ਕ੍ਰਾਈਮ ਸ਼ੋਅ’ ਵੇਖਣ ਦੇ ਸ਼ੌਕੀਨ ਆਫਤਾਬ ਨੇ ਵਿਆਹ ਨੂੰ ਲੈ ਕੇ ਹੋਏ ਝਗੜੇ ਮਗਰੋਂ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਦਾ ਕਤਲ ਕਰ ਦਿੱਤਾ। ਆਫਤਾਬ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਲਾਸ਼ ਦੇ 35 ਟੁਕੜੇ ਕਰਨ ਦਾ ਵਿਚਾਰ ਇਕ ਅਮਰੀਕੀ ਕ੍ਰਾਈਮ ਟੀ. ਵੀ. ਸੀਰੀਜ਼ ‘ਡਕਸਟਰ’ ਤੋਂ ਆਇਆ। ਆਫਤਾਬ ਦਾ ਜਨਮ ਮੁੰਬਈ ’ਚ ਹੋਇਆ ਅਤੇ ਉਹ ਉੱਥੇ ਆਪਣੇ ਛੋਟੇ ਭਰਾ ਅਹਿਦ, ਪਿਤਾ ਆਮੀਨ ਅਤੇ ਮਾਂ ਮੁਨੀਰਾ ਬੇਨ ਨਾਲ ਵਸਈ ਉਪਨਗਰ ਸਥਿਤ ‘ਯੁਨੀਕ ਪਾਰਕ ਹਾਊਸਿੰਗ’ ’ਚ ਰਹਿੰਦਾ ਸੀ। ਸੋਸਾਇਟੀ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਭਰਾਵਾਂ ’ਚ ਕਾਫੀ ਝਗੜੇ ਹੁੰਦੇ ਸਨ ਪਰ ਕਦੇ ਉਸ ਦੀ ਸ਼ਖ਼ਸੀਅਤ ਵਿਚ ਅਜਿਹਾ ਕੁਝ ਨਹੀਂ ਨਜ਼ਰ ਆਇਆ, ਜਿਸ ਬਾਰੇ ਬੁਰਾ ਪੱਖ ਸਾਹਮਣੇ ਆ ਸਕੇ।

ਮੁੰਬਈ ਦੇ ਐੱਲ. ਐੱਲ. ਰਹੇਜਾ ਕਾਲਜ ਤੋਂ ਗਰੈਜੂਏਟ ਆਫਤਾਬ ਇਸ ਸਾਲ ਦੀ ਸ਼ੁਰੂਆਤ ’ਚ ਸ਼ਰਧਾ ਨੂੰ ਮਿਲਣ ਮਗਰੋਂ ਦਿੱਲੀ ’ਚ ਰਹਿਣ ਲੱਗਾ। ਆਫਤਾਬ ਦੇ ਸੋਸ਼ਲ ਮੀਡੀਆ ਅਕਾਊਂਟ ‘ਹੰਗਰੀ ਛੋਕਰਾ’ ਦੇ 29 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਸ਼ਰਧਾ ਨਾਲ ਉਸ ਦੀ ਮੁਲਾਕਾਤ ਇਕ ਡੇਟਿੰਗ ਐਪ ਜ਼ਰੀਏ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਇਕ ਕਾਲ ਸੈਂਟਰ ਵਿਚ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਦੋਹਾਂ ਵਿਚਾਲੇ ਉੱਥੋਂ ਹੀ ਪ੍ਰੇਮ ਸਬੰਧ ਸ਼ੁਰੂ ਹੋ ਗਿਆ। ਵੱਖ-ਵੱਖ ਧਰਮਾਂ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਰਿਸ਼ਤੇ ‘ਤੇ ਇਤਰਾਜ਼ ਸੀ, ਜਿਸ ਕਾਰਨ ਉਹ ਦਿੱਲੀ ਆ ਗਏ ਸਨ।

ਵਿਆਹ ਨੂੰ ਲੈ ਕੇ 18 ਮਈ ਨੂੰ ਦੋਹਾਂ ਵਿਚਕਾਰ ਝਗੜਾ ਹੋਇਆ ਸੀ, ਜੋ ਵਧ ਗਿਆ ਅਤੇ ਆਫਤਾਬ ਨੇ ਸ਼ਰਧਾ ਦਾ ਕਤਲ ਕਰ ਦਿੱਤਾ। ਅਗਲੇ ਦਿਨ ਆਫਤਾਬ ਨੇ ਇਕ ਆਰਾ ਅਤੇ 300 ਲੀਟਰ ਦਾ ਫਰਿੱਜ ਖਰੀਦਿਆ। ਆਫਤਾਬ ਨੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਸੀ ਅਤੇ ਉਹ ਤੇਜ਼ ਚਾਕੂ ਦੀ ਵਰਤੋਂ ਕਰਨਾ ਜਾਣਦਾ ਸੀ। ਉਸ ਨੇ ਮੀਟ ਕੱਟਣ ਦੀ ਦੋ ਹਫ਼ਤਿਆਂ ਦੀ ਸਿਖਲਾਈ ਵੀ ਲਈ। ਉਸ ਨੇ ਇਹ ਹੀ ਤਕਨੀਕ ਵਰਤ ਕੇ ਸ਼ਰਧਾ ਦੇ ਸਰੀਰ ਦੇ 35 ਟੁਕੜੇ ਕੀਤੇ। ਉਸ ਨੇ ਦੋ ਦਿਨ ਤੱਕ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ। ਉਹ ਕੁਝ ਟੁਕੜੇ ਫਰਿੱਜ ਦੇ ‘ਡੀਪ ਫ੍ਰੀਜ਼ਰ’ ‘ਚ ਅਤੇ ਕੁਝ ‘ਟ੍ਰੇ’ ‘ਚ ਰੱਖਦਾ ਸੀ। ਉਸ ਨੇ ਕਮਰੇ ’ਚੋਂ ਬਦਬੂ ਦੂਰ ਕਰਨ ਲਈ ਧੂਪ ਸਟਿਕਸ ਅਤੇ ‘ਰੂਮ ਫਰੈਸ਼ਨਰ’ ਦੀ ਵਰਤੋਂ ਕੀਤੀ। ਪੁਲਸ ਨੇ ਦੱਸਿਆ ਕਿ ਉਹ ਲਾਸ਼ ਦੇ ਟੁਕੜਿਆਂ ਨੂੰ ਬੈਗ ਵਿਚ ਰੱਖ ਕੇ ਜੰਗਲ ਵਿਚ ਲੈ ਜਾਂਦਾ ਸੀ।

ਇਕ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਕਰੀਬ 2 ਵਜੇ ਆਫਤਾਬ ਜੰਗਲ ’ਚ ਜਾਂਦਾ ਸੀ ਅਤੇ ਕੁਝ ਘੰਟਿਆਂ ਬਾਅਦ ਲਾਸ਼ ਦੇ ਟੁਕੜੇ ਸੁੱਟ ਵਾਪਸ ਪਰਤਦਾ ਸੀ। ਅਜਿਹਾ ਉਸ ਨੇ ਕਰੀਬ 20 ਦਿਨਾਂ ਤੱਕ ਕੀਤਾ। ਉਹ ਸ਼ਰਧਾ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਵੀ ਸਰਗਰਮ ਰਹਿੰਦਾ ਸੀ ਪਰ ਆਖ਼ਰਕਾਰ ਉਸ ਦੀ ਕਿਸਮਤ ਨੇ ਉਸ ਦਾ ਸਾਥ ਦੇਣਾ ਬੰਦ ਕਰ ਦਿੱਤਾ ਅਤੇ ਪੁਲਸ ਉਸ ਤੱਕ ਪਹੁੰਚ ਹੀ ਗਈ। ਆਫਤਾਬ ਨੂੰ ਬੀਤੀ 12 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਪੁਲਸ ਨੇ ਆਫਤਾਬ ਦਾ ‘ਨਾਰਕੋ ਟੈਸਟ’ ਕਰਾਉਣ ਦੀ ਮੰਗ ਕੀਤੀ ਹੈ, ਤਾਂ ਕਿ ਲਾਸ਼ ਦੇ ਬਾਕੀ ਹਿੱਸੇ ਬਰਾਮਦ ਕੀਤੇ ਜਾ ਸਕਣ। ਮਾਮਲੇ ਦੀ ਜਾਂਚ ਅਜੇ ਜਾਰੀ ਹੈ।

Add a Comment

Your email address will not be published. Required fields are marked *