ਅਡਾਨੀ ਗਰੁੱਪ ਦਾ 6 ਹਜ਼ਾਰ ਕਿੱਲੋ ਦਾ ਪੁਲ਼ ਹੀ ਲੈ ਗਏ ਚੋਰ

ਮੁੰਬਈ : ਮੁੰਬਈ ਪੁਲਸ ਨੇ ਪੱਛਮੀ ਉਪਨਗਰ ਵਿਚ ਇਕ ਨਾਲੇ ‘ਤੇ 6,000 ਕਿੱਲੋਗ੍ਰਾਮ ਲੋਹੇ ਦਾ ਪੁਲ਼ ਚੋਰੀ ਕਰਨ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੰਗੁਰ ਨਗਰ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਲਾਡ (ਪੱਛਮੀ) ਵਿਚ 90 ਫੁੱਟ ਲੰਬੇ ਪੁਲ਼ ਦਾ ਨਿਰਮਾਣ ਬਿਜਲੀ ਕੰਪਨੀ ‘ਅਡਾਨੀ ਇਲੈਕਟ੍ਰੀਸਿਟੀ’ ਨੇ ਉੱਥੋਂ ਬਿਜਲੀ ਦੀਆਂ ਤਾਰਾਂ ਨੂੰ ਮੋੜਨ ਲਈ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਨਾਲੇ ’ਤੇ ਪੱਕਾ ਪੁਲ ਬਣਨ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਆਰਜ਼ੀ ਪੁਲ ਨੂੰ ਇਲਾਕੇ ਦੀ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਅਸਥਾਈ ਪੁਲ 26 ਜੂਨ ਨੂੰ ਗਾਇਬ ਪਾਇਆ ਗਿਆ ਸੀ, ਜਿਸ ਤੋਂ ਬਾਅਦ ਪਾਵਰ ਕੰਪਨੀ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਆਪਣੀ ਜਾਂਚ ਦੌਰਾਨ ਪਾਇਆ ਕਿ ਪੁਲ਼ ਨੂੰ ਆਖਰੀ ਵਾਰ 6 ਜੂਨ ਨੂੰ ਦੇਖਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਕਿਉਂਕਿ ਮੌਕੇ ‘ਤੇ ਕੋਈ ਸੀ.ਸੀ.ਟੀ.ਵੀ. ਕੈਮਰਾ ਮੌਜੂਦ ਨਹੀਂ ਸੀ, ਪੁਲਸ ਨੇ ਆਸਪਾਸ ਦੇ ਖੇਤਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਅਤੇ 11 ਜੂਨ ਨੂੰ ਇਕ ਵੱਡੇ ਵਾਹਨ ਨੂੰ ਪੁਲ ਵੱਲ ਵਧਦੇ ਦੇਖਿਆ। ਬਾਅਦ ਵਿਚ, ਪੁਲਸ ਨੇ ਇਸ ਦੇ ਰਜਿਸਟ੍ਰੇਸ਼ਨ ਨੰਬਰ ਦੇ ਅਧਾਰ ‘ਤੇ ਵਾਹਨ ਨੂੰ ਟਰੇਸ ਕੀਤਾ।

ਵਾਹਨ ਵਿਚ ਗੈਸ ਕੱਟਣ ਵਾਲੀਆਂ ਮਸ਼ੀਨਾਂ ਸਨ ਜੋ ਪੁਲ ਨੂੰ ਕੱਟਣ ਅਤੇ 6,000 ਕਿਲੋ ਲੋਹਾ ਚੋਰੀ ਕਰਨ ਲਈ ਵਰਤੀਆਂ ਗਈਆਂ ਸਨ। ਅਗਲੇਰੀ ਜਾਂਚ ਵਿਚ ਪੁਲਸ ਨੇ ਬਿਜਲੀ ਕੰਪਨੀ ਦੇ ਇਕ ਕਰਮਚਾਰੀ ਤੱਕ ਪਹੁੰਚ ਕੀਤੀ ਜਿਸ ਨੂੰ ਪੁਲ਼ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਕਰਮਚਾਰੀ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਪਿਛਲੇ ਹਫ਼ਤੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ।

Add a Comment

Your email address will not be published. Required fields are marked *