ਮਣੀਪੁਰ ਘਟਨਾ ਦੀ ਵੀਡੀਓ ਬਣਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

ਮਣੀਪੁਰ ਵਿਚ ਭੀੜ ਵੱਲੋਂ 2 ਔਰਤਾਂ ਨੂੰ ਨਗਨ ਅਵਸਥਾ ਵਿਚ ਘੁਮਾਏ ਜਾਣ ਦੀ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਜਿਸ ਫ਼ੋਨ ਰਾਹੀਂ ਵੀਡੀਓ ਬਣਾਈ ਗਈ ਸੀ, ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਸਰਕਾਰ ਦੇ ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। 

ਉੱਥੇ ਹੀ ਔਰਤਾਂ ਨੂੰ ਨਗਨ ਪਰੇਡ ਕਰਵਾਉਣ ਅਤੇ ਜਬਰ-ਜ਼ਨਾਹ ਦੀ ਸ਼ਰਮਨਾਕ ਘਟਨਾ ਦੀ ਜਾਂਚ ਸੀ.ਬੀ.ਆਈ. ਵੱਲੋਂ ਕੀਤੀ ਜਾਵੇਗੀ। ਸਰਕਾਰ ਇਸ ਮਾਮਲੇ ਵਿਚ ਮੁਕੱਦਮੇ ਦੀ ਸੁਣਵਾਈ ਸੂਬੇ ਤੋਂ ਬਾਹਰ ਕਰਵਾਉਣ ਦੀ ਅਪੀਲ ਕਰੇਗੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੁਣਵਾਈ ਗੁਆਂਢੀ ਸੂਬੇ ਅਸਮ ਦੀ ਅਦਾਲਤ ਵਿਚ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਮੇਇਤੀ ਤੇ ਕੁਕੀ ਭਾਈਚਾਰੇ ਦੇ ਸੰਪਰਕ ਵਿਚ ਹੈ ਤੇ ਮਣੀਪੁਰ ਵਿਚ ਸ਼ਾਂਤੀ ਬਹਾਲ ਕਰਨ ਲਈ ਗੱਲਬਾਤ ਕਾਫ਼ੀ ਅੱਗੇ ਵੱਧ ਚੁੱਕੀ ਹੈ। 

ਦੱਸ ਦਈਏ ਕਿ ਮਣੀਪੁਰ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਜਾਤੀਗਤ ਹਿੰਸਾ ਕਾਰਨ ਹੁਣ ਤਕ 160 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਸ ਵਿਚਾਲੇ 4 ਮਈ ਨੂੰ ਔਰਤਾਂ ਨਾਲ ਉਕਤ ਸ਼ਰਮਨਾਕ ਘਟਨਾ ਵਾਪਰੀ। ਇਸ ਦੀ ਵੀਡੀਓ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਇਸ ਮਗਰੋਂ ਸਾਰੇ ਦੇਸ਼ ਵਿਚ ਰੋਸ ਪਾਇਆ ਜਾ ਰਿਹਾ ਹੈ। 

Add a Comment

Your email address will not be published. Required fields are marked *