ਅਧਿਆਪਕ ਨੇ ਬੇਰਹਿਮੀ ਨਾਲ ਕੀਤੀ 9 ਸਾਲਾ ਬੱਚੀ ਦੀ ਕੁੱਟਮਾਰ

ਬੀਜਿੰਗ: ਚੀਨ ਵਿੱਚ ਇੱਕ ਅਧਿਆਪਕ ਵੱਲੋਂ 9 ਸਾਲ ਦੀ ਬੱਚੀ ਨੂੰ ਧਾਤ ਦੇ ਸਕੇਲ ਨਾਲ ਕੁੱਟਣ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਅਧਿਆਪਕ ਨੇ ਵਿਦਿਆਰਥਣ ਦੇ ਸਿਰ ‘ਤੇ ਵਾਰ ਕੀਤਾ, ਜਿਸ ਕਾਰਨ ਉਸ ਦੀ ਖੋਪੜੀ ‘ਚ ਗੰਭੀਰ ਸੱਟਾਂ ਲੱਗੀਆਂ। ਬੱਚੀ ਗੰਭੀਰ ਜ਼ਖਮੀ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਐਮਰਜੈਂਸੀ ਸਰਜਰੀ ਲਈ ਲਿਜਾਣਾ ਪਿਆ। ਜਿਉਪਾਈ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਚੀਨ ਦੇ ਹੁਨਾਨ ਸੂਬੇ ਦੇ ਬੋਕਾਈ ਮੇਕਸੀਹੂ ਪ੍ਰਾਇਮਰੀ ਸਕੂਲ ਦਾ ਹੈ।

ਜਿਉਪਾਈ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਘਟਨਾ 6 ਸਤੰਬਰ ਨੂੰ ਸ਼ਾਮ 4 ਵਜੇ ਵਾਪਰੀ। ਮੁਲਜ਼ਮ ਅਧਿਆਪਕ ਦੀ ਪਛਾਣ ਸੋਂਗ ਮੌਮਿੰਗ ਵਜੋਂ ਹੋਈ ਹੈ। ਹਮਲੇ ਤੋਂ ਬਾਅਦ ਅਧਿਆਪਕ ਖੁਦ ਬੱਚੀ ਨੂੰ ਸਕੂਲ ਦੇ ਡਾਕਟਰ ਕੋਲ ਲੈ ਕੇ ਗਿਆ, ਜਿਸ ਨੇ ਉਸ ਦੀਆਂ ਸੱਟਾਂ ਨੂੰ ਮਾਮੂਲੀ ਦੱਸਿਆ ਅਤੇ ਕਿਹਾ ਕਿ ਸਿਰਫ ਟਾਂਕਿਆਂ ਦੀ ਲੋੜ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਕੂਲ ਨੇ ਫਿਰ ਬੱਚੀ ਨੂੰ ਨੇੜਲੇ ਹਸਪਤਾਲ ਭੇਜ ਦਿੱਤਾ, ਪਰ ਉਥੇ ਡਾਕਟਰਾਂ ਨੇ ਤੁਰੰਤ ਐਮਰਜੈਂਸੀ ਇਲਾਜ ਨਹੀਂ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪਰਿਵਾਰ ਦੀ ਮਨਜ਼ੂਰੀ ਦੀ ਲੋੜ ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਦਾ ਇਲਾਜ ਕਰ ਰਹੇ ਹਸਪਤਾਲ ਦੇ ਡਾਕਟਰ ਸਕੂਲ ਦੀ ਸਲਾਹ ‘ਤੇ ਉਸ ਦੇ ਸਿਰ ‘ਤੇ ਟਾਂਕੇ ਲਗਾਉਣ ਜਾ ਰਹੇ ਸਨ। ਹਾਲਾਂਕ ਅਜਿਹਾ ਨਹੀਂ ਹੋਇਆ ਅਤੇ ਬੱਚੀ ਦੀ ਸਹੀ ਜਾਂਚ ਕੀਤੀ ਗਈ। ਜਾਂਚ ਤੋਂ ਪਤਾ ਲੱਗਾ ਕਿ ਬੱਚੀ ਦੀ ਖੋਪੜੀ ਟੁੱਟ ਗਈ ਸੀ ਅਤੇ ਉਸ ਦੇ ਸਿਰ ਵਿਚ ਹੱਡੀਆਂ ਦੇ ਟੁੱਕੜੇ ਫਸ ਗਏ ਸਨ ਅਤੇ ਉਸ ਨੂੰ ਤੁਰੰਤ ਸਰਜਰੀ ਦੀ ਲੋੜ ਸੀ। ਟੁੱਕੜਿਆਂ ਨੂੰ ਹਟਾਉਣ ਵਿੱਚ ਲਗਭਗ ਪੰਜ ਘੰਟੇ ਲੱਗ ਗਏ।

ਬੱਚੀ ਦੀ ਇਕ ਰਿਸ਼ਤੇਦਾਰ ਨੇ ਏਜੰਸੀ ਨੂੰ ਦੱਸਿਆ ਕਿ “ਬੱਚੀ ਦਾ ਦਿਮਾਗ ਲਗਭਗ ਬਾਹਰ ਆ ਗਿਆ ਸੀ ਅਤੇ ਇਹ ਘਾਤਕ ਹੋ ਸਕਦਾ ਸੀ,”। ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਅਜੇ ਵੀ ਇੰਟੈਂਸਿਵ ਕੇਅਰ ਵਿੱਚ ਹੈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਨੇ ਚੀਨ ਵਿੱਚ ਵਿਆਪਕ ਲੋਕ ਰੋਹ ਪੈਦਾ ਕੀਤਾ। Baidu ‘ਤੇ ਸੰਬੰਧਿਤ ਖ਼ਬਰਾਂ ਦੀ ਰਿਪੋਰਟ ਨੂੰ 5 ਮਿਲੀਅਨ ਤੋਂ ਵੱਧ ਵਿਯੂਜ਼ ਅਤੇ 31,500 ਪ੍ਰਤੀਕਰਮ ਪ੍ਰਾਪਤ ਹੋਏ ਹਨ। ਇੱਕ ਆਨਲਾਈਨ ਯੂਜ਼ਰ ਨੇ ਕਿਹਾ ਕਿ “ਉਸਨੂੰ ਜੇਲ੍ਹ ਭੇਜੋ, ਅਜਿਹਾ ਨਫ਼ਰਤ ਕਰਨ ਵਾਲਾ ਵਿਅਕਤੀ ਅਧਿਆਪਕ ਨਹੀਂ ਹੋ ਸਕਦਾ।” ਇੱਕ ਹੋਰ ਨੇ ਕਿਹਾ, “ਇਹ ਅਧਿਆਪਕ ਇੱਕ ਰਾਖਸ਼ ਹੈ।”

ਇੱਥੇ ਦੱਸ ਦਈਏ ਕਿ ਚੀਨ ਦੇ ਸਕੂਲਾਂ ਵਿੱਚ ਬੱਚਿਆਂ ਦੀ ਕੁੱਟਮਾਰ ਕਰਨ ‘ਤੇ 1986 ਤੋਂ ਪਾਬੰਦੀ ਲਗਾਈ ਗਈ ਹੈ, ਪਰ ਅਧਿਆਪਕਾਂ ਦਾ ਵਿਦਿਆਰਥੀਆਂ ਨਾਲ ਦੁਰਵਿਵਹਾਰ ਅਜੇ ਵੀ ਆਮ ਹੈ। ਦੋ ਮਹੀਨੇ ਪਹਿਲਾਂ ਪੂਰਬੀ ਚੀਨ ਦੇ ਇੱਕ ਪ੍ਰਾਈਵੇਟ ਸਕੂਲ ਦੇ ਇੱਕ ਅਧਿਆਪਕ ‘ਤੇ ਇੱਕ ਮਾਪਿਆਂ ਨੇ ਵਿਦਿਆਰਥੀਆਂ ਨਾਲ ਬਦਸਲੂਕੀ ਅਤੇ ਥੱਪੜ ਮਾਰਨ ਦਾ ਦੋਸ਼ ਲਗਾਇਆ ਸੀ। ਇਸ ਸਾਲ ਅਪ੍ਰੈਲ ਵਿੱਚ ਪੂਰਬੀ ਚੀਨ ਵਿੱਚ ਇੱਕ ਸਕੂਲ ਅਧਿਆਪਕ ਨੂੰ ਸਜ਼ਾ ਵਜੋਂ ਕਲਾਸ ਦੌਰਾਨ ਵਿਦਿਆਰਥੀਆਂ ਨੂੰ ਕਥਿਤ ਤੌਰ ‘ਤੇ ਲੱਤ ਮਾਰਨ, ਥੱਪੜ ਮਾਰਨ ਅਤੇ ਸੋਟੀ ਨਾਲ ਕੁੱਟਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ।

Add a Comment

Your email address will not be published. Required fields are marked *