ਭਾਰਤ ਜੋੜੋ ਯਾਤਰਾ ਰਾਹੀਂ ਰਾਹੁਲ ਗਾਂਧੀ ਨੇ ਆਪਣੀ ਯੋਗਤਾ ਸਾਬਤ ਕੀਤੀ: ਸ਼ਤਰੂਘਣ

ਕੋਲਕਾਤਾ, 30 ਅਕਤੂਬਰ- ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਸ਼ਤਰੂਘਣ ਸਿਨਹਾ ਨੇ ਕਿਹਾ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਰਾਹੀਂ ਆਪਣੀ ਲੀਡਰਸ਼ਿਪ ਸਮਰੱਥਾ ਸਾਬਤ ਕਰ ਦਿੱਤੀ ਹੈ। ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਸਿਨਹਾ ਨੇ ਕਿਹਾ ਕਿ ਕੰਨਿਆਕੁਮਾਰੀ ਤੋਂ ਸ਼ੁਰੂ ਕੀਤੀ ਗਈ ਯਾਤਰਾ ਨਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਆਪਣੀਆਂ ਸੀਟਾਂ ਦੁੱਗਣੀਆਂ ਕਰਨ ’ਚ ਸਹਾਇਤਾ ਮਿਲੇਗੀ। ਕਾਂਗਰਸ ਨੇ 2019 ਦੀਆਂ ਚੋਣਾਂ ’ਚ 52 ਸੀਟਾਂ ਜਿੱਤੀਆਂ ਸਨ। ਉਨ੍ਹਾਂ ਕਿਹਾ,‘‘ਭਾਰਤ ਜੋੜੋ ਯਾਤਰਾ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਰਾਹੁਲ ਗਾਂਧੀ ਦੇ ਕਰਿਸ਼ਮੇ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਨੂੰ ਲੋਕਾਂ ਤੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਹ ਅਸਲੀਅਤ ’ਚ ਯਾਤਰਾ ਹੈ ਕਿਉਂਕਿ ਰਾਹੁਲ ਖੁਦ ਪੈਦਲ ਚੱਲ ਰਿਹਾ ਹੈ ਜਦਕਿ ਭਾਜਪਾ ਆਗੂ ਤਾਂ ਰੱਥ ਯਾਤਰਾਵਾਂ ਕੱਢਦੇ ਹਨ। ਲੋਕਾਂ ਨੇ ਉਸ ਨੂੰ ਆਗੂ ਵਜੋਂ ਕਬੂਲ ਕਰ ਲਿਆ ਹੈ ਅਤੇ ਜਿਹੜੇ ਉਸ ਨੂੰ ਪੱਪੂ ਆਖ ਕੇ ਮਖੌਲ ਉਡਾਉਂਦੇ ਹਨ, ਉਨ੍ਹਾਂ ਨੂੰ ਉਸ ਨੇ ਗਲਤ ਸਾਬਤ ਕਰ ਦਿੱਤਾ ਹੈ।’’ ਸਿਨਹਾ ਨੇ ਕਿਹਾ ਕਿ ਜੇਕਰ ਭਾਜਪਾ ਆਗੂਆਂ ’ਚ ਦਮ ਹੈ ਤਾਂ ਉਹ ਵੀ ਰਾਹੁਲ ਵਾਂਗ ਪੈਦਲ ਯਾਤਰਾ ਕਰਨ। ‘ਮੈਂ ਮਹਿਸੂਸ ਕਰਦਾ ਹਾਂ ਕਿ ਅਗਲੀਆਂ ਚੋਣਾਂ ’ਚ ਰਾਹੁਲ ਗਾਂਧੀ ਦਾ ਜਾਦੂ ਕੰਮ ਕਰੇਗਾ ਅਤੇ ਮੈਂ ਇਹ ਹੁੰਦਾ ਦੇਖਣਾ ਚਾਹੁੰਦਾ ਹਾਂ।’ ਗੁਜਰਾਤ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਂ ਤਾਂ ‘ਕਿੰਗਮੇਕਰ ਜਾਂ ਕਿੰਗ’ ਵਜੋਂ ਉਭਰਨਗੇ। ‘ਗੁਜਰਾਤ ’ਚ ਭਗਵਾ ਕੈਂਪ ’ਚ ਮੰਥਨ ਚੱਲ ਰਿਹਾ ਹੈ। ਭਾਜਪਾ ਹਰ ਸਮੇਂ ਹਿੰਦੂਤਵ ਜਾਂ ਰਾਮ ਮੰਦਰ ਦੇ ਮੁੱਦਿਆਂ ਨੂੰ ਨਹੀਂ ਭੁਨਾ ਸਕਦੀ ਹੈ। ਕੇਜਰੀਵਾਲ ਨੇ ਨੋਟਾਂ ’ਤੇ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪਣ ਦੀ ਮੰਗ ਕਰਕੇ ਮਾਸਟਰ ਸਟਰੋਕ ਖੇਡਿਆ ਹੈ। ਕੇਜਰੀਵਾਲ ਨੇ ਭਾਜਪਾ ਨੂੰ ਉਸੇ ਦੀ ਸ਼ੈਲੀ ’ਚ ਜਵਾਬ ਦਿੱਤਾ ਹੈ।’ ਸਿਨਹਾ ਨੇ ਕਿਹਾ ਕਿ ਭਾਜਪਾ ਆਪਣੇ ਆਪ ਨੂੰ ਹਿੰਦੂਤਵ ਸਕੂਲ ਦਾ ਮਾਸਟਰ ਸਮਝਦੀ ਸੀ ਪਰ ਕੇਜਰੀਵਾਲ ਹੁਣ ਉਸ ਸਕੂਲ ਦਾ ਹੈੱਡਮਾਸਟਰ ਹੈ। ‘ਭਾਜਪਾ ਲਈ ਨਾ ਤਾਂ ਇਹ ਨਿਗਲਦਿਆਂ ਬਣ ਰਿਹਾ ਹੈ ਅਤੇ ਨਾ ਹੀ ਉਗਲਦਿਆਂ।’ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 2024 ਦੀਆਂ ਲੋਕ ਸਭਾ ਚੋਣਾਂ ’ਚ ‘ਗੇਮ ਚੇਂਜਰ’ ਹੋਣ ਦਾ ਦਾਅਵਾ ਕਰਦਿਆਂ ਸਿਨਹਾ ਨੇ ਆਸ ਪ੍ਰਗਟਾਈ ਕਿ ਟੀਐੱਮਸੀ ਅਤੇ ਕਾਂਗਰਸ ਦੇ ਰਿਸ਼ਤੇ ਸੁਧਰਨਗੇ।

Add a Comment

Your email address will not be published. Required fields are marked *