ਮੀਂਹ ਦੇ ਮੌਸਮ ਕਾਰਨ ਵਧਣ ਲੱਗੇ Eye Flu ਦੇ ਕੇਸ

ਚੰਡੀਗੜ੍ਹ : ਕੁੱਝ ਦਿਨਾਂ ਤੋਂ ਮੀਂਹ ਅਤੇ ਮੌਸਮ ਕਾਰਨ ਆਈ ਫਲੂ ਕੰਜੇਕਟਿਵਾਈਟਿਸ ਦੇ ਮਾਮਲੇ ਵੱਧ ਰਹੇ ਹਨ। ਇਸ ਨੂੰ ਵੇਖ ਕੇ ਸਿਹਤ ਵਿਭਾਗ ਨੇ ਸਾਵਧਾਨੀ ਵਜੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਨਾ ਸਿਰਫ ਹਸਪਤਾਲਾਂ ਸਗੋਂ ਸਿਵਲ ਡਿਸਪੈਂਸਰੀਆਂ ‘ਚ ਵੀ ਮਾਮਲੇ ਵੱਧ ਰਹੇ ਹਨ। ਉੱਥੇ ਹੀ ਪੀ. ਜੀ. ਆਈ. ਐਡਵਾਂਸ ਆਈ ਸੈਂਟਰ ਦੇ ਐੱਚ. ਓ. ਡੀ. ਡਾ. ਐੱਸ. ਐੱਸ. ਪਾਂਡਵ ਦੀ ਮੰਨੀਏ ਤਾਂ 3 ਦਿਨਾਂ ‘ਚ ਵਾਇਰਲ ਦੇ ਕੇਸ ਵੱਧੇ ਹਨ। ਬੁੱਧਵਾਰ ਓ. ਪੀ. ਡੀ. ‘ਚ ਆਈ ਫਲੂ ਦੇ 50 ਕੇਸ ਆਏ, ਜਿਸ ‘ਚ ਵੱਡੇ ਅਤੇ ਬੱਚੇ ਦੋਵੇਂ ਸ਼ਾਮਲ ਹਨ। ਡਾਕਟਰਾਂ ਦੀ ਮੰਨੀਏ ਤਾਂ ਹਰ ਸੀਜ਼ਨ ‘ਚ ਇਹ ਕੇਸ ਵੇਖੇ ਜਾਂਦੇ ਹਨ ਅਤੇ ਘਬਰਾਉਣ ਦੀ ਲੋੜ ਨਹੀਂ ਹੈ। 4 ਤੋਂ 5 ਦਿਨਾਂ ‘ਚ ਇਹ ਵਾਇਰਲ ਠੀਕ ਹੋ ਜਾਂਦਾ ਹੈ। 

ਡਾਕਟਰਾਂ ਮੁਤਾਬਕ ਤੇਜ਼ ਗਰਮੀ ਤੋਂ ਬਾਅਦ ਮੀਂਹ ਪੈਣ ਨਾਲ ਮੌਸਮ ‘ਚ ਤੇਜ਼ੀ ਨਾਲ ਬਦਲਾਅ ਆਉਂਦਾ ਹੈ। ਮੌਸਮ ‘ਚ ਹਵਾ ਦੇ ਨਾਲ ਪ੍ਰਦੂਸ਼ਣ ਅਤੇ ਨਮੀ ਕਾਰਨ ਫੰਗਲ ਇਨਫੈਕਸ਼ਨ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ‘ਚ ਸਭ ਤੋਂ ਜ਼ਿਆਦਾ ਅੱਖਾਂ ਨਾਲ ਜੁੜੀਆਂ ਦਿੱਕਤਾਂ ਪਰੇਸ਼ਾਨ ਕਰਦੀਆਂ ਹਨ। ਫੰਗਲ ਇਨਫੈਕਸ਼ਨ ਵੱਧਣ ਨਾਲ ਅੱਖਾਂ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ। ਆਈ ਫਲੂ ਹੋਣ ’ਤੇ ਜਲਣ, ਦਰਦ ਅਤੇ ਲਾਲਪਣ ਵਰਗੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਇਸ ਬੀਮਾਰੀ ਦਾ ਕਾਰਨ ਐਲਰਜਿਕ ਰੀਐਕਸ਼ਨ ਹੈ। ਕਈ ਮਾਮਲਿਆਂ ‘ਚ ਬੈਕਟੀਰੀਆ ਦੀ ਇਨਫੈਕਸ਼ਨ ਹੋਣ ਨਾਲ ਵੀ ਹੋ ਸਕਦੀ ਹੈ। ਜ਼ਿਆਦਾਤਰ ਇਸ ਦੀ ਸ਼ੁਰੂਆਤ ਇਕ ਅੱਖ ਤੋਂ ਹੁੰਦੀ ਹੈ, ਕੁੱਝ ਸਮੇਂ ਬਾਅਦ ਦੂਜੀ ‘ਚ ਵੀ ਆ ਜਾਂਦੀ ਹੈ। ਆਈ ਫਲੂ ਆਮ ਤੌਰ ’ਤੇ ਖ਼ੁਦ ਠੀਕ ਹੋ ਜਾਂਦਾ ਹੈ ਪਰ ਇਸ ਦੌਰਾਨ ਅੱਖਾਂ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ।

Add a Comment

Your email address will not be published. Required fields are marked *