ਅਮਰੀਕਾ ‘ਚ ਡਾ. ਬੀ.ਆਰ. ਅੰਬੇਡਕਰ ਦੇ ਨਾਂ ‘ਤੇ ਬਣੀ ਸੜਕ ਦਾ ਉਦਘਾਟਨ ਕਰਨ ਪੁੱਜੇ ਵਿਧਾਇਕ ਕੁਲਵੰਤ ਸਿੰਘ

ਮੋਹਾਲੀ : ਸ੍ਰੀ ਗੁਰੂ ਰਵਿਦਾਸ ਸਭਾ ਅਤੇ ਬੇਗਮਪੁਰਾ ਕਲਚਰਲ ਸੁਸਾਇਟੀ ਵੱਲੋਂ 60 ਅਤੇ 62 ਸਟਰੀਟ ਰੋਡ ਨਿਊਯਾਰਕ ਅਮਰੀਕਾ ਦੀ ਸੜਕ ਦਾ ਨਾਂ ਡਾਕਟਰ ਬੀ.ਆਰ. ਅੰਬੇਡਕਰ ਦੇ ਨਾਂ ‘ਤੇ ਰੱਖਿਆ ਗਿਆ। ਜਿਸ ਦਾ ਉਦਘਾਟਨ ਹਲਕਾ ਮੋਹਾਲੀ ਤੋਂ ‘ਆਪ’ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। 

ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਪੂਰੇ ਪੰਜਾਬ ਭਰ ਦੇ ਵਿਚ ਤੇਜ਼ੀ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ CM ਮਾਨ ਖ਼ੁਦ ਜਿੱਥੇ ਸਰਦਾਰ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ, ਉੱਥੇ ਹੀ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਜੀ ਦੀਆਂ ਅਨੇਕਾਂ ਉਦਾਹਰਨਾਂ ਆਪਣੇ ਭਾਸ਼ਣਾਂ ਦੇ ਵਿਚ ਦਿੰਦੇ ਹਨ। ਕੁਲਵੰਤ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਵੀ ਸਾਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਲੋੜ ਹੈ। ਇਸ ‘ਤੇ ਚੱਲਦੇ ਹੋਏ ਦੇਸ਼ ਦਾ ਸਹੀ ਅਰਥਾਂ ਵਿਚ ਵਿਕਾਸ ਹੋ ਸਕਦਾ ਹੈ।

ਇਸ ਮੌਕੇ ਕੁਲਵੰਤ ਸਿੰਘ ਦੀ ਸ਼ਲਾਘਾ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਬੰਗਾ ਨੇ ਕਿਹਾ ਕਿ ਉਨ੍ਹਾਂ ਨੇ ਜ਼ਮੀਨੀ ਪੱਧਰ ਤੋਂ ਉਠ ਕੇ ਪੂਰੇ ਪੰਜਾਬ ਵਿਚ ਲੋਕਾਂ ਦੀ ਸੇਵਾ ਕਰਦੇ ਹੋਏ ਇਕ ਵੱਡਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਦੇ ਲਈ ਇਹ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਇਸ ਰੋਡ ਦਾ ਉਦਘਾਟਨ ਕੁਲਵੰਤ ਸਿੰਘ ਦੇ ਹੱਥੋਂ ਹੋਇਆ ਹੈ। ਉਨ੍ਹਾਂ ਉਮੀਦ ਜਤਾਈ ਕਿ ਕੁਲਵੰਤ ਸਿੰਘ ਵੱਲੋਂ ਆਉਣ ਵਾਲੇ ਸਮੇਂ ਵਿਚ ਵੀ ਘੱਟ-ਗਿਣਤੀਆਂ ਦੀ ਭਲਾਈ ਲਈ ਇਸੇ ਤਰ੍ਹਾਂ ਕੰਮ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਅਸ਼ੋਕ ਮਾਹੀ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਪੰਜਾਬ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੇ ਜਲਦੀ ਪੂਰਾ ਹੋਣ ਦੀ ਆਸ ਪ੍ਰਗਟ ਕੀਤੀ। ਇਸ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰੀ ਗੁਰੂ ਰਵਿਦਾਸ  ਸਭਾ ਦੇ ਪ੍ਰਬੰਧਕ ਅਤੇ ਬੇਗਮਪੁਰਾ ਕਲਚਰਲ ਸੁਸਾਇਟੀ ਦੇ ਪ੍ਰਬੰਧਕ ਉਚੇਚੇ ਤੌਰ ‘ਤੇ ਹਾਜ਼ਰ ਸਨ।

Add a Comment

Your email address will not be published. Required fields are marked *