ਪੈਟਰੋਲ ਤੇ ਡੀਜ਼ਲ ’ਤੇ ਵੈਟ ਵਧਾਉਣ ਨੂੰ ਲੈ ਕੇ ਸੁਖਬੀਰ ਬਾਦਲ ਨੇ ਘੇਰੀ ਪੰਜਾਬ ਸਰਕਾਰ

ਚੰਡੀਗੜ੍ਹ/ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਵਾਰ-ਵਾਰ ਵੈਟ ਵਧਾ ਕੇ ਆਮ ਆਦਮੀ ਅਤੇ ਕਿਸਾਨਾਂ ’ਤੇ ਵਾਧੂ ਬੋਝ ਪਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਤਾਜ਼ਾ ਵਾਧੇ ਮਗਰੋਂ ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਹੋਰਨਾਂ ਸੂਬਿਆਂ ਨਾਲੋਂ ਮਹਿੰਗਾ ਹੋ ਗਿਆ ਹੈ। ਇਸ ਧੱਕੇਸ਼ਾਹੀ ਵਾਲੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਆਮ ਲੋਕਾਂ ਸਿਰ ਮੁਸੀਬਤਾਂ ਪਾਉਣ ਦੇ ਸਰਕਾਰ ਨੂੰ ਇਸ਼ਤਿਹਾਰਾਂ ’ਤੇ ਸੈਂਕੇੜੇ ਕਰੋੜਾਂ ਰੁਪਏ ਖਰਚਣ ’ਤੇ ਰੋਕ ਲਗਾ ਕੇ ਪੈਸੇ ਬਚਾਉਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਸਰਕਾਰ ਇਸ਼ਤਿਹਾਬਾਜ਼ੀ ਅਤੇ ਪਬਲੀਸਿਟੀ ਸਟੰਟ ਕਰਨੇ ਬੰਦ ਕਰ ਦੇਵੇ ਤਾਂ ਇਸ ਨੂੰ ਵਾਧੂ ਸਰੋਤ ਜੁਟਾਉਣ ਦੀ ਲੋੜ ਨਹੀਂ ਰਹੇਗੀ। ਸੁਖਬੀਰ ਬਾਦਲ ਅੱਜ ਤਰਨਤਾਰਨ ’ਚ ਸੀਨੀਅਰ ਆਗੂ ਹਰਮੀਤ ਸਿੰਘ ਸੰਧੂ ਦੇ ਪਿਤਾ ਸੁਰਜੀਤ ਸਿੰਘ ਸੰਧੂ ਨਮਿੱਤ ਭੋਗ ਵਿਚ ਸ਼ਾਮਲ ਹੋਣ ਆਏ ਸਨ, ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਦਾਅਵੇ ਕਰ ਰਹੀ ਹੈ ਕਿ ਉਹ 300 ਯੂਨਿਟ ਬਿਜਲੀ ਮੁਫ਼ਤ ਦੇ ਰਹੀ ਹੈ ਤੇ ਦੂਜੇ ਪਾਸੇ ਉਸ ਨੇ ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ, ਸ਼ਗਨ ਸਕੀਮ ਤੇ ਐੱਸ. ਸੀ. ਸਕਾਲਰਸ਼ਿਪ ਸਕੀਮ ਸਮੇਤ ਸਮਾਜ ਭਲਾਈ ਸਕੀਮਾਂ ’ਚ ਵੱਡੀ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੜਕੀਆਂ ਲਈ ਮੁਫ਼ਤ ਸਾਈਕਲ ਸਕੀਮ, ਤੀਰਥ ਯਾਤਰਾ ਸਕੀਮ, ਮੁਫ਼ਤ ਭਾਂਡੇ ਦੇਣ ਦੀ ਸਕੀਮ, ਜਿਮ ਅਤੇ ਸੁਵਿਧਾ ਕੇਂਦਰ ਤੇ ਸੇਵਾ ਕੇਂਦਰ ਵੀ ਬੰਦ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਹੁਣ ਇਸ ਨੇ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਰਕਾਰ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ, ਜੋ ਲੋਕਾਂ ਨੂੰ ਲਾਭ ਦੇਣ ਨਾਲੋਂ ਵੱਧ ਟੈਕਸ ਲਗਾ ਕੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਇਕ ਹੱਥ ਲੈ ਕੇ ਦੂਜੇ ਹੱਥ ਨਾਲ ਖੋਹਣ ਵਾਲੀ ਗੱਲ ਹੈ। ਸੁਖਬੀਰ ਸਿੰਘ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਇੰਸਟੀਚਿਊਟ ਮੁਹਾਲੀ ਦੇ 10 ਵਿਦਿਆਰਥੀਆਂ ਨੂੰ ਵਧਾਈ ਦਿੱਤੀ  ਜੋ ਕੱਲ੍ਹ ਹਥਿਆਰਬੰਦ ਭਾਰਤੀ ਫੌਜ ਵਿਚ ਅਫ਼ਸਰ ਬਣੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਇਹ ਅਕੈਡਮੀ ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੋਲ੍ਹੀ ਸੀ, ਪੰਜਾਬ ਅਤੇ ਪੰਜਾਬੀਆਂ ਦਾ ਮਾਣ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੰਸਥਾ ਦੇ 136 ਵਿਦਿਆਰਥੀ ਫੌਜ ਵਿਚ ਅਫ਼ਸਰ ਬਣ ਚੁੱਕੇ ਹਨ। ਬਾਦਲ ਨੇ ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਨੂੰ ਵੀ ਵਧਾਈ ਦਿੱਤੀ।

Add a Comment

Your email address will not be published. Required fields are marked *