ਚਾਂਦਪੁਰਾ ਬੰਨ੍ਹ ਦੇ ਪਾੜ ਨੂੰ ਭਰਨ ਲਈ ਫ਼ੌਜ ਨੇ ਸੰਭਾਲਿਆ ਮੋਰਚਾ

ਬੁਢਲਾਡਾ/ਬਰੇਟਾ –ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਪਾਣੀ ਲਗਾਤਾਰ ਨਾਲ ਲੱਗਦੇ ਹਰਿਆਣਾ, ਪੰਜਾਬ ਦੇ ਪਿੰਡਾਂ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ। ਗੋਰਖਨਾਥ, ਭਾਵਾ, ਬੀਰੇਵਾਲਾ ਡੋਗਰਾ, ਚੱਕ ਅਲੀਸ਼ੇਰ, ਰਿਉਂਦ ਖੁਰਦ, ਕੁਲਰੀਆਂ, ਕਾਹਨਗੜ੍ਹ ਦੇ ਖੇਤਾਂ ’ਚ ਸੈਂਕੜੇ ਪਿੰਡਾਂ ਦੀ ਖੜ੍ਹੀ ਫਸਲ ਨੂੰ ਤਬਾਹ ਕਰਦਾ ਹੋਇਆ ਅੱਗੇ ਵਧ ਰਿਹਾ ਹੈ। ਗੋਰਖਨਾਥ ਦੇ ਮਿਡਲ ਸਕੂਲ ਤੱਕ ਵੀ ਪਾਣੀ ਪਹੁੰਚ ਚੁੱਕਾ ਹੈ, ਜਿਥੇ ਪਿੰਡ ਦੇ ਉੱਚੇ ਟਿੱਬਿਆ ਉੱਪਰ ਰਹਿੰਦੇ ਲੋਕ ਖੁਦ ਨੂੰ ਪਾਣੀ ਵਿਚ ਘਿਰਿਆ ਮਹਿਸੂਸ ਕਰ ਰਹੇ ਹਨ। ਤਾਜ਼ਾ ਸਥਿਤੀ ਅਨੁਸਾਰ ਪਾਣੀ ਬੀਰੇਵਾਲਾ ਡੋਗਰਾ ’ਚ ਦਾਖਲ ਹੋ ਰਿਹਾ ਹੈ।

ਦੂਜੇ ਪਾਸੇ ਸਰਕਾਰ ਦੇ ਹਰਕਤ ਵਿਚ ਆਉਂਦਿਆਂ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਕਿਸ਼ਤੀਆਂ ਅਤੇ ਬਚਾਅ ਸਮੱਗਰੀਆਂ ਨਾਲ ਚਾਂਦਪੁਰਾ ਬੰਨ੍ਹ ਨੂੰ ਠੀਕ ਕਰਨ ਲਈ ਆਪਣੀ ਕਮਰ ਕੱਸ ਲਈ ਹੈ। ਜਿੱਥੇ ਮਿਲਟਰੀ ਵੱਲੋਂ ਆਪਣੇ ਤਜਰਬੇ ਨਾਲ ਬੰਨ੍ਹ ਦੇ ਪਾੜ ਨੂੰ ਪੂਰਾ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਉਧਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਅੱਜ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ, ਉਥੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੀ ਮਦਦ ਲਈ ਮੁਸਤੈਦ ਰਹਿਣ। ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਪੰਜਾਬ ਸਰਕਾਰ ਤੁਹਾਡੀ ਹਰ ਮੁਸ਼ਕਿਲ ਦੇ ਹੱਲ ਲਈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਜਾਨ-ਮਾਲ ਅਤੇ ਪਸ਼ੂਧਨ ਦੀ ਰਾਖੀ ਲਈ ਹਰ ਸੰਭਵ ਮਦਦ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਦਰਤੀ ਆਫਤ ਤੋਂ ਕਾਫੀ ਚਿੰਤਤ ਹਨ ਅਤੇ ਸਥਿਤੀ ਨੂੰ ਦੇਖਦਿਆਂ ਹਰ ਸੰਭਵ ਕਾਰਜ ਕੀਤੇ ਜਾ ਰਹੇ ਹਨ।

ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਐੱਸ. ਐੱਸ. ਪੀ. ਮਾਨਸਾ ਡਾ. ਨਾਨਕ ਸਿੰਘ, ਐੱਸ.ਡੀ.ਐੱਮ. ਪ੍ਰਮੋਦ ਸਿੰਗਲਾ, ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪਨੂੰ, ਨਾਇਬ ਤਹਿਸੀਲਦਾਰ ਬਲਕੌਰ ਸਿੰਘ, ਬੀ. ਡੀ. ਪੀ. ਓ. ਸੁਖਵਿੰਦਰ ਸਿੰਘ ਵੱਲੋਂ ਲਗਾਤਾਰ ਰਾਹਤ ਕਾਰਜਾਂ ਵਿਚ ਜੁੜੇ ਹੋਏ ਹਨ, ਉਥੇ ਹੀ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਰਾਹੀਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਓਧਰ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਸਮੇਤ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ । ਭਾਵੇਂ ਅਧਿਕਾਰੀਆਂ ਅਨੁਸਾਰ ਘੱਗਰ ’ਚ ਪਾਣੀ ਦਾ ਦਬਾਅ ਘੱਟਦਾ ਨਜ਼ਰ ਆ ਰਿਹਾ ਹੈ ਪਰ ਚਾਂਦਪੁਰਾ ਬੰਨ੍ਹ ਦੇ ਪਾੜ ਕਾਰਨ ਪਾਣੀ ਤੇਜ਼ੀ ਨਾਲ ਪਿੰਡਾਂ ਅੰਦਰ ਵੱਧ ਰਿਹਾ ਹੈ।

Add a Comment

Your email address will not be published. Required fields are marked *