ਫਗਵਾੜਾ: ਗੰਨਮੈਨ ਨੂੰ ਮੌਤ ਦੇ ਘਾਟ ਉਤਾਰਣ ਵਾਲੇ 3 ਗੈਂਗਸਟਰ ਗ੍ਰਿਫ਼ਤਾਰ

ਕਪੂਰਥਲਾ- ਜਲੰਧਰ-ਲੁਧਿਆਣਾ ਵਿਚਕਾਰ ਫਗਵਾੜਾ ਸ਼ਹਿਰ ‘ਚ ਗੈਂਗਸਟਰਾਂ ਨੇ ਇਕ ਪੁਲਸ ਕਾਂਸਟੇਬਲ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਮੇਂ ਥਾਣਾ ਸਿਟੀ ਦੇ ਐੱਸ. ਐੱਚ. ਓ. ਅਮਨਦੀਪ ਨਾਹਰ ਦੇ ਗੰਨਮੈਨ ਕੁਲਦੀਪ ਸਿੰਘ ਬਾਜਵਾ ਕਰੇਟਾ ਗੱਡੀ ਲੁੱਟਣ ਵਾਲੇ ਗੈਂਗਸਟਰਾਂ ਦਾ ਪਿੱਛਾ ਕਰ ਰਹੇ ਸਨ। ਗੈਂਗਸਟਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਕਮਲ ਬਾਜਵਾ ਦੀ ਮੌਤ ਹੋ ਗਈ। ਫਗਵਾੜਾ ਪੁਲਸ ਵੱਲੋਂ ਹਥਿਆਰ ਵਿਖਾ ਕੇ ਗੱਡੀ ਖੋਹਣ ਵਾਲੇ ਲੁਟੇਰਿਆਂ ਵਿਰੁੱਧ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਇਸ ਮਾਮਲੇ ਵਿਚ ਫਰਾਰ ਚੌਥੇ ਦੋਸ਼ੀ ਦੀ ਭਾਲ ਲਈ ਪੁਲਸ ਨੇ ਤਸਵੀਰ ਜਾਰੀ ਕੀਤੀ ਹੈ। ਆਈ. ਜੀ . ਜਲੰਧਰ ਰੇਂਜ ਜੀ. ਐੱਸ. ਸੰਧੂ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ਫਗਵਾੜਾ ਨੂੰ ਫੋਨ ਰਾਹੀਂ ਅਰਬਨ ਅਸਟੇਟ ਫਗਵਾੜਾ ਦੇ ਵਾਸੀ ਦੀ ਹੁੰਡਾਈ ਕਰੇਟਾ ਗੱਡੀ ਹਥਿਆਰਬੰਦ ਲੁਟੇਰਿਆਂ ਵੱਲੋਂ ਖੋਹੇ ਜਾਣ ਦੀ ਸੂਚਨਾ ਮਿਲੀ ਸੀ। ਜਿਸ ’ਤੇ ਫਗਵਾੜਾ ਸਿਟੀ ਪੁਲਸ ਵੱਲੋਂ ਤੁਰੰਤ ਕਾਰ ਦੀ ਭਾਲ ਵਿਚ ਇਕ ਪੁਲਸ ਟੀਮ ਲਗਾਈ ਗਈ। 

ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਕਾਰ ਨੂੰ ਗੋਰਾਇਆ ਵੱਲ ਜਾਂਦੇ ਹੋਏ ਵੇਖਿਆ ਗਿਆ, ਜਿਸ ‘ਤੇ ਐੱਸ. ਐੱਚ. ਓ. ਅਮਨਦੀਪ ਨਾਹਰ ਅਤੇ ਦੋ ਪੁਲਸ ਜਵਾਨਾਂ ਵੱਲੋਂ ਕਾਰ ਦਾ ਪਿੱਛਾ ਕਰਕੇ ਉਸ ਨੂੰ ਰੋਕ ਲਿਆ ਗਿਆ ਅਤੇ ਕਾਰ ਸਵਾਰਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਕਾਰ ਸਵਾਰਾਂ ਵੱਲੋਂ ਤੁਰੰਤ ਪੁਲਸ ਪਾਰਟੀ ’ਤੇ ਫਿਲੌਰ ਵਿਖੇ ਗੋਲੀਬਾਰੀ ਕਰ ਦਿੱਤੀ ਗਈ, ਜਿਸ ਦੇ ਜਵਾਬ ਵਿਚ ਪੁਲਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਅਤੇ ਸੰਘਣੀ ਧੁੰਦ ਹੋਣ ਬਾਵਜੂਦ ਪੁਲਸ 3 ਦੋਸ਼ੀਆਂ ਨੂੰ ਕਾਬੂ ਕਰਨ ਵਿਚ ਕਾਮਯਾਬ ਰਹੀ।  ਉਨ੍ਹਾਂ ਦੱਸਿਆ ਕਿ ਇਕ ਦੋਸ਼ੀ ਮੌਕੇ ਤੋਂ ਫਰਾਰ ਹੋਣ ਵਿਚ ਸਫ਼ਲ ਰਿਹਾ। ਉਨ੍ਹਾਂ ਦੱਸਿਆ ਕਿ ਪੁਲਸ ਦੀ ਜਵਾਬੀ ਕਾਰਵਾਈ ਵਿਚ ਦੋਸ਼ੀ ਗੋਲੀਬਾਰੀ ਨਾਲ ਜ਼ਖ਼ਮੀ ਹੋ,  ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖ਼ਲ ਕਰਵਾਇਆ ਗਿਆ ਅਤੇ ਪਿੱਛੋਂ ਜਲੰਧਰ ਵਿਖੇ ਰੈਫਰ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ।

ਉਨ੍ਹਾਂ ਦੱਸਿਆ ਕਿ ਗਿਣਤੀ ਵਿਚ ਘੱਟ ਹੋਣ ਦੇ ਬਾਵਜੂਦ ਪੁਲਸ ਪਾਰਟੀ ਵੱਲੋਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਜਿਸ ਦੌਰਾਨ ਕਾਂਸਟੇਬਲ ਕੁਲਦੀਪ ਸਿੰਘ 886/ਕਪੂਰਥਲਾ ਨੂੰ ਗੋਲੀ ਲੱਗੀ ਅਤੇ ਉਹ ਹਸਪਤਾਲ ਲਿਜਾਦਿਆਂ ਸ਼ਹੀਦ ਹੋ ਗਏ। ਉਨ੍ਹਾਂ ਦੱਸਿਆ ਕਿ ਚੌਥੇ ਦੋਸ਼ੀ ਦੀ ਭਾਲ ਜਾਰੀ ਹੈ ਅਤੇ ਇਸ ਸਬੰਧੀ ਫਿਲੌਰ ਪੁਲਿਸ ਸਟੇਸ਼ਨ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਵਾਰਦਾਤ ਵਿਚ ਵਰਤੀ ਗਈ ਕਾਰ ਦਾ ਨੰਬਰ ਪੀ. ਬੀ 32 ਏ. ਏ 1212 ਜਾਅਲੀ ਸੀ,ਜਦਕਿ ਉਸ ਦਾ ਅਸਲੀ ਨੰਬਰ ਡੀ. ਐੱਲ. 10 ਸੀ. ਡੀ 9711 ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਦੋਸ਼ੀਆਂ ਕੋਲੋਂ ਇਕ ਪਿਸਤੌਲ 30 ਬੋਰ, 32 ਬੋਰ, 11 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ। 

ਕਾਬੂ ਕੀਤੇ ਗਏ ਦੋਸ਼ੀਆਂ ਵਿਚ ਰਣਜੀਤ ਸਿੰਘ (ਜੀਤਾ) ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਬਾਹਮਣੀਆਂ ਪੁਲਸ ਸਟੇਸ਼ਨ ਸ਼ਾਹਕੋਟ ਜ਼ਿਲ੍ਹਾ ਜਲੰਧਰ, ਵਿਸ਼ਾਲ ਸੋਨੀ ਪੁੱਤਰ ਅਰਜਨਦੇਵ ਵਾਸੀ ਮੰਡੇਲਾ ਕਲਾਂ ਪੁਲਸ ਸਟੇਸ਼ਨ ਸਦਰ ਖੰਨਾ ਅਤੇ ਕੁਲਵਿੰਦਰ ਉਰਫ਼ ਕਿੰਦਾ ਪੁੱਤਰ ਮਹਿੰਦਰ ਸਿੰਘ ਵਾਸੀ ਹਰਿਪੁਰ ਪੁਲਸ ਸਟੇਸ਼ਨ ਆਦਮਪੁਰ ਜ਼ਿਲ੍ਹਾ ਜਲੰਧਰ ਸ਼ਾਮਲ ਹਨ। ਚੌਥੇ ਫਰਾਰ ਹੋਏ ਦੋਸ਼ੀ ਦੀ ਪਛਾਣ ਯੁਵਰਾਜ ਸਿੰਘ ਉਰਫ਼ ਯੋਰੀ ਪੁੱਤਰ ਮੋਹਨ ਲਾਲ ਵਾਸੀ ਹਲਵਾਰਾ ਪੁਲਸ ਸਟੇਸ਼ਨ ਬਿਲਗਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਉਥੇ ਹੀ ਚੌਥੇ ਸਾਥੀ ਦੀ ਤਸਵੀਰ ਜਾਰੀ ਕੀਤੀ ਗਈ ਹੈ। ਚਾਰਾਂ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮੇ ਦਰਜ ਹਨ।

Add a Comment

Your email address will not be published. Required fields are marked *