ਹਰਸਿਮਰਤ ਬਾਦਲ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਜਲੰਧਰ –ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਲੋਕ ਸਭਾ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਵਰਕਰਾਂ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਸ਼ਾਸਨਕਾਲ ’ਚ ਭ੍ਰਿਸ਼ਟਾਚਾਰ ਆਪਣੀ ਚਰਮ ਸੀਮਾ ’ਤੇ ਪਹੁੰਚ ਚੁੱਕਾ ਹੈ।

ਆਮ ਲੋਕ ਸਰਕਾਰੀ ਦਫ਼ਤਰਾਂ ਦੀ ਖੱਜਲ-ਖੁਆਰੀ ਕਾਰਨ ਤ੍ਰਾਹ-ਤ੍ਰਾਹ ਕਰ ਰਹੇ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਕਦੀ ਸਰਕਾਰ ਦਾ ਮੰਤਰੀ, ਕਦੀ ਵਿਧਾਇਕ, ਇਥੋਂ ਤਕ ਕਿ ਕਈ ਉੱਚ ਅਧਿਕਾਰੀ ਕੁਰੱਪਸ਼ਨ ਕਰਦੇ ਫੜੇ ਗਏ ਹਨ ਪਰ ਮੁੱਖ ਮੰਤਰੀ ਅਜੇ ਵੀ ਆਪਣੀ ਸਰਕਾਰ ਦੇ ਈਮਾਨਦਾਰ ਹੋਣ ਦੀਆਂ ਡੀਂਗਾਂ ਮਾਰਦੇ ਨਹੀਂ ਥੱਕਦੇ। ਉਨ੍ਹਾਂ ਕਿਹਾ ਕਿ ਦਿੱਲੀ ’ਚ ਵੀ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਹਨ, ਉਹੀ ਹਾਲ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਹੈ।

ਮੀਟਿੰਗਾਂ ਦੌਰਾਨ ਭਾਰੀ ਗਿਣਤੀ ’ਚ ਪਾਰਟੀ ਵਰਕਰ ਵਿਸ਼ੇਸ਼ ਕਰ ਕੇ ਬੀਬੀਆਂ ਨੇ ਸ਼ਮੂਲੀਅਤ ਕੀਤੀ। ਉਪਰੰਤ ਬੀਬੀ ਬਾਦਲ, ਸ਼੍ਰੀ ਸਿੱਧ ਬਾਬਾ ਸੋਡਲ ਮੰਦਿਰ ਤੇ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਪ੍ਰਬੰਧਕ ਕਮੇਟੀਆਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਜ਼ਿਲ੍ਹਾ ਅਕਾਲੀ ਜਥੇ ਦੇ ਮੁਖੀ ਕੁਲਵੰਤ ਸਿੰਘ ਮੰਨਣ, ਕੁਲਦੀਪ ਸਿੰਘ ਪਾਇਲਟ , ਗੁਰਦੇਵ ਸਿੰਘ ਮਾਹਲ, ਮਨਿੰਦਰਪਾਲ ਸਿੰਘ ਗੁੰਬਰ, ਸੁਰਿੰਦਰ ਸਿੰਘ ਬਿੱਟੂ, ਹਰਭਜਨ ਸਿੰਘ ਖਰਬੰਦਾ, ਹਰਬੰਸ ਸਿੰਘ ਧੂਪੜ, ਇੰਦਰਪ੍ਰੀਤ ਸਿੰਘ ਪਾਇਲਟ, ਚੰਦਨ ਗਰੇਵਾਲ, ਰਣਜੀਤ ਸਿੰਘ ਰਾਣਾ, ਸੁਭਾਸ਼ ਸੋਂਧੀ, ਲਲਿਤ ਬੱਬੂ ਆਦਿ ਹਾਜ਼ਰ ਸਨ।

Add a Comment

Your email address will not be published. Required fields are marked *