ਸੈਮੀਕੰਡਕਟਰ ਟ੍ਰੇਡ ਵਾਰ : ਚੀਨ ਨੇ ਦੁਰਲੱਭ ਧਾਤਾਂ ਦੀ ਸਪਲਾਈ ਰੋਕੀ

ਨਵੀਂ ਦਿੱਲੀ – ਪੱਛਮੀ ਦੇਸ਼ਾਂ ਤੋਂ ਵਧਦੇ ਦਬਾਅ ਦਰਮਿਆਨ ਚੀਨ ਹੁਣ ਆਰ-ਪਾਰ ਦੀ ਲੜਾਈ ਦੀ ਮੂਡ ’ਚ ਆਉਂਦਾ ਜਾ ਰਿਹਾ ਹੈ ਅਤੇ ਚੀਨ ਨੇ ਅਮਰੀਕਾ ਅਤੇ ਯੂਰਪ ਨਾਲ ਤਕਨਾਲੋਜੀ ’ਤੇ ‘ਜੈਸੇ ਕੋ ਤੈਸਾ’ ਵਪਾਰ ਯੁੱਧ ਨੂੰ ਅੱਗੇ ਵਧਾਉਂਦੇ ਹੋਏ 2 ਧਾਤਾਂ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ ਹੈ। ਚੀਨ ਨੇ ਜਿਨ੍ਹਾਂ ਧਾਤਾਂ ’ਤੇ ਪਾਬੰਦੀ ਲਾਈ ਹੈ, ਉਨ੍ਹਾਂ ਧਾਤਾਂ ਦਾ ਸੈਮੀਕੰਡਕਟਰ ਨਿਰਮਾਣ, ਟੈਲੀਕਮਿਊਨੀਕੇਸ਼ਨ ਅਤੇ ਇਲੈਕਟ੍ਰਿਕ-ਵਾਹਨਾਂ ਦੇ ਨਿਰਮਾਣ ’ਚ ਅਹਿਮ ਇਸਤੇਮਾਲ ਹੁੰਦਾ ਹੈ ਅਤੇ ਇਨ੍ਹਾਂ ਧਾਤਾਂ ਤੋਂ ਬਿਨਾਂ ਇਨ੍ਹਾਂ ਦਾ ਨਿਰਮਾਣ ਨਹੀਂ ਹੋ ਸਕਦਾ।

ਚੀਨ ਦੇ ਪਾਰ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਗੈਲੀਅਮ ਅਤੇ ਜਰਮੇਨੀਅਮ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਇਕ ਅਗਸਤ ਤੋਂ ਇਹ ਦੋਵੇਂ ਧਾਤਾਂ ਚੀਨੀ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਐਕਸਪੋਰਟ ਕੰਟਰੋਲ ਦੇ ਅਧੀਨ ਹੋਣਗੀਆਂ। ਬਿਆਨ ’ਚ ਕਿਹਾ ਗਿਆ ਹੈ ਕਿ ਦੋਵੇਂ ਧਾਤਾਂ ਦੇ ਐਕਸਪੋਰਟਰਾਂ ਨੂੰ ਜੇ ਉਹ ਦੇਸ਼ ਤੋਂ ਬਾਹਰ ਭੇਜਣਾ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵਪਾਰ ਮੰਤਰਾਲਾ ਕੋਲ ਲਾਈਸੈਂਸ ਲਈ ਅਰਜ਼ੀ ਦਾਖਲ ਕਰਨੀ ਹੋਵੇਗੀ। ਉਨ੍ਹਾਂ ਨੂੰ ਵਿਦੇਸ਼ੀ ਖਰੀਦਦਾਰਾਂ ਅਤੇ ਉਨ੍ਹਾਂ ਦੇ ਅਰਜ਼ੀਦਾਤਿਆਂ ਦਾ ਵੇਰਵਾ ਦੇਣਾ ਹੋਵੇਗਾ। ਯਾਨੀ ਸਰਕਾਰੀ ਹੁਕਮ ਤੋਂ ਬਾਅਦ ਹੀ ਦੋ ਧਾਤਾਂ ਦਾ ਐਕਸਪੋਰਟ ਹੋ ਸਕਦਾ ਹੈ, ਨਹੀਂ ਤਾਂ ਨਹੀਂ।

ਚੀਨ ਕੁਆਟਮ ਕੰਪਿਊਟਿੰਗ ਤੋਂ ਲੈ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਚਿੱਪ ਨਿਰਮਾਣ ਤੱਕ ਹਰ ਚੀਜ਼ ’ਚ ਤਕਨੀਕੀ ਦਬਦਬੇ ਲਈ ਸੰਘਰਸ਼ ਕਰ ਰਿਹਾ ਹੈ। ਚੀਨ ਨੂੰ ਬੜ੍ਹਤ ਹਾਸਲ ਕਰਨ ਤੋਂ ਰੋਕਣ ਲਈ ਅਮਰੀਕਾ ਨੇ ਤੇਜ਼ੀ ਨਾਲ ਹਮਲਾਵਰ ਕਦਮ ਉਠਾਏ ਹਨ ਅਤੇ ਯੂਰਪ ਅਤੇ ਏਸ਼ੀਆ ’ਚ ਸਹਿਯੋਗੀਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਹੈ, ਜਿਸ ’ਚ ਕੁੱਝ ਸਫਲਤਾ ਵੀ ਮਿਲੀ ਹੈ। ਅਮਰੀਕਾ ਨੇ ਚੀਨ ਨੂੰ ਤਕਨੀਕੀ ਮਦਦ ਦੇਣੀ ਬੰਦ ਕਰ ਦਿੱਤੀ ਹੈ, ਜਿਸ ਨਾਲ ਚੀਨ ਦਾ ਚਿੱਪ ਉਤਪਾਦਨ ਹੀ ਡਾਵਾਂਡੋਲ ਹੋ ਗਿਆ ਹੈ, ਜਿਸ ਤੋਂ ਬਾਅਦ ਚੀਨ ਘਬਰਾਇਆ ਹੋਇਆ ਹੈ। ਚੀਨ ਦੀ ਦੁਰਲੱਭ ਧਾਤਾਂ ਨੂੰ ਲੈ ਕੇ ਐਕਸਪੋਰਟ ਲਿਮਿਟਸ ਅਜਿਹੇ ਸਮੇਂ ’ਚ ਆ ਰਹੀਆਂ ਹਨ ਜਦੋਂ ਦੁਨੀਆ ਭਰ ਦੇ ਦੇਸ਼ ਆਪਣੀ ਸਪਲਾਈ ਚੇਨ ਨੂੰ ਵਿਦੇਸ਼ੀ ਉਪਕਰਣਾਂ ’ਤੇ ਨਿਰਭਰਤਾ ਤੋਂ ਮੁਕਤ ਕਰਨ ਲਈ ਕੰਮ ਕਰ ਰਹੇ ਹਨ।

ਚੀਨ ਗੈਲੀਅਮ ਅਤੇ ਜਰਮੇਨੀਅਮ, ਜੋ ਦੁਰਲੱਭ ਧਾਤਾਂ ਹਨ, ਦਾ ਪ੍ਰਮੁੱਖ ਗਲੋਬਲ ਉਤਪਾਦਕ ਹੈ, ਜਿਸ ਦੀ ਵਰਤੋਂ ਇਲੈਕਟ੍ਰਿਕ ਵਾਹਨ ਨਿਰਮਾਤਾਵਾਂ, ਰੱਖਿਆ ਉਦਯੋਗ ਅਤੇ ਡਿਸਪਲੇਅ ਲਈ ਕੀਤੀ ਜਾਂਦੀ ਹੈ। ਗੈਲੀਅਮ ਅਤੇ ਜਰਮੇਨੀਅਮ ਕਈ ਯੌਗਿਕ ਅਰਧਚਾਲਕਾਂ ਦੇ ਉਤਪਾਦਨ ’ਚ ਭੂਮਿਕਾ ਨਿਭਾਉਂਦੇ ਹਨ ਜੋ ਟ੍ਰਾਂਸਮਿਸ਼ਨ ਰਫ਼ਤਾਰ ਅਤੇ ਤਕਨਾਲੋਜੀ ’ਚ ਸੁਧਾਰ ਲਈ ਕਈ ਤੱਤਾਂ ਨੂੰ ਜੋੜਦੇ ਹਨ। ਯੂ. ਕੇ. ਕ੍ਰਿਟੀਕਲ ਮਿਨਰਲਸ ਇੰਟੈਲੀਜੈਂਸ ਸੈਂਟਰ ਮੁਤਾਬਕ ਚੀਨ ਦੁਨੀਆ ਦੇ ਗੈਲੀਅਮ ਦਾ ਲਗਭਗ 94 ਫ਼ੀਸਦੀ ਹਿੱਸਾ ਉਤਪਾਦਨ ਕਰਦਾ ਹੈ, ਲਿਹਾਜਾ ਚੀਨ ਪੂਰੀ ਦੁਨੀਆ ’ਚ ਗੈਲੀਅਮ ਤੋਂ ਬਣਨ ਵਾਲੇ ਸਮਾਨ ਨੂੰ ਕੰਟਰੋਲ ਕਰਨ ਦੀ ਸਮਰੱਥਾ ਰੱਖਦਾ ਹੈ।

ਚੀਨ ਦਾ ਇਹ ਕਦਮ ਉਸ ਸਮੇਂ ਆਇਆ ਹੈ, ਜਦੋਂ ਪਿਛਲੇ ਮਹੀਨੇ ਭਾਰਤ ਅਤੇ ਅਮਰੀਕਾ ਦਰਮਿਆਨ ਚਿੱਪ ਉਤਪਾਦਨ ਨੂੰ ਲੈ ਕੇ ਇਕ ਅਹਿਮ ਡੀਲ ਕੀਤੀ ਗਈ ਹੈ, ਜਿਸ ਦੇ ਤਹਿਤ ਭਾਰਤ ’ਚ ਚਿੱਪ ਦਾ ਉਤਪਾਦਨ ਕੀਤਾ ਜਾਏਗਾ। ਬਾਈਡੇਨ ਪ੍ਰਸ਼ਾਸਨ ਨੇ ਅਮਰੀਕਾ ਦੀ ਦਿੱਗਜ਼ ਚਿੱਪ ਉਤਪਾਦਕ ਕੰਪਨੀ ਮਾਈਕ੍ਰੋਨ ਤਕਨਾਲੋਜੀ ਨੂੰ ਭਾਰਤ ’ਚ ਨਿਵੇਸ਼ ਕਰਨ ਦੀ ਇਜਾਜ਼ਤ ਦਿੱਤੀ ਹੈ।

ਭਾਰਤ ਅਤੇ ਅਮਰੀਕਾ ਦਰਮਿਆਨ ਹੋਈ ਇਸ ਡੀਲ ਦਾ ਮਕਸਦ ਹੀ ਚਿੱਪ ਉਤਪਾਦਨ ’ਚ ਚੀਨ ਦੇ ਵਧਦੇ ਕਦਮ ਨੂੰ ਰੋਕਣਾ ਹੈ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਚੀਨ ਆਉਣ ਵਾਲੇ ਸਮੇਂ ’ਚ ਭਾਰਤ ਨੂੰ ਚਿੱਪ ਉਤਪਾਦਕ ਦੇਸ਼ ਬਣਨ ਤੋਂ ਰੋਕਣ ਲਈ ਕਈ ਕਦਮ ਹੋਰ ਉਠਾ ਸਕਦਾ ਹੈ। ਚੀਨ ਪਹਿਲਾਂ ਹੀ ਮਾਈਕ੍ਰੋਨ ਤਕਨਾਲੋਜੀ ਨੂੰ ਕੁੱਝ ਦੁਰਲੱਭ ਧਾਤਾਂ ਦੀ ਵਿਕਰੀ ’ਤੇ ਪਾਬੰਦੀ ਲਾ ਚੁੱਕਾ ਹੈ।

Add a Comment

Your email address will not be published. Required fields are marked *