ਬੰਦ ਹੋ ਸਕਦੀ ਹੈ ਅਕਾਸਾ ਏਅਰ! 43 ਪਾਇਲਟਾਂ ਨੇ ਦਿੱਤਾ ਅਸਤੀਫ਼ਾ

ਦੇਸ਼ ‘ਚ ਹਵਾਬਾਜ਼ੀ ਖੇਤਰ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਪਿਛਲੇ ਸਾਲ ਹੀ ਦੇਸ਼ ‘ਚ ਆਪਣਾ ਸੰਚਾਲਨ ਸ਼ੁਰੂ ਕਰਨ ਵਾਲੀ ਘਰੇਲੂ ਏਅਰਲਾਈਨ ਅਕਾਸਾ ਏਅਰ ਬੰਦ ਹੋ ਸਕਦੀ ਹੈ। ਇਸ ਗੱਲ ਦਾ ਪ੍ਰਗਟਾਵਾ ਏਅਰਲਾਈਨ ਨੇ ਖੁਦ ਹਾਈ ਕੋਰਟ ‘ਚ ਕੀਤਾ ਹੈ। ਏਅਰਲਾਈਨ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਅਕਾਸਾ ਏਅਰ ਸੰਕਟ ਦੀ ਸਥਿਤੀ ਵਿੱਚ ਹੈ ਅਤੇ 43 ਪਾਇਲਟਾਂ ਵਲੋਂ ਅਸਤੀਫੇ ਦੇਣ ਤੋਂ ਬਾਅਦ ਇਸਨੂੰ ਬੰਦ ਕਰਨਾ ਪੈ ਸਕਦਾ ਹੈ। ਪਾਇਲਟਾਂ ਦੇ ਅਚਾਨਕ ਅਸਤੀਫੇ ਕਾਰਨ ਕੰਪਨੀ ਨੂੰ ਸਤੰਬਰ ਵਿੱਚ ਹਰ ਰੋਜ਼ 24 ਉਡਾਣਾਂ ਰੱਦ ਕਰਨੀਆਂ ਪਈਆਂ।

ਅਕਾਸਾ ਏਅਰ ਹਰ ਰੋਜ਼ ਲਗਭਗ 120 ਉਡਾਣਾਂ ਚਲਾਉਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸਥਿਤੀ ‘ਚ ਸੁਧਾਰ ਨਾ ਹੋਇਆ ਅਤੇ ਅਸਤੀਫੇ ਜਾਰੀ ਰਹੇ ਤਾਂ ਏਅਰਲਾਈਨ ਨੂੰ ਸਤੰਬਰ ‘ਚ ਹੀ 600-700 ਉਡਾਣਾਂ ਰੱਦ ਕਰਨੀਆਂ ਪੈ ਸਕਦੀਆਂ ਹਨ। ਪਿਛਲੇ ਮਹੀਨੇ ਏਅਰਲਾਈਨ ਨੂੰ 700 ਉਡਾਣਾਂ ਰੱਦ ਕਰਨੀਆਂ ਪਈਆਂ ਸਨ। ਏਅਰਲਾਈਨ ਨੇ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਹ ਲੋੜੀਂਦੇ ਨੋਟਿਸ ਪੀਰੀਅਡ ਨਿਯਮਾਂ ਨੂੰ ਲਾਗੂ ਕਰਨ ਲਈ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੂੰ ਸ਼ਕਤੀ ਦੇਣ।

ਖ਼ਬਰਾਂ ਮੁਤਾਬਕ ਪਾਇਲਟਾਂ ਨੇ ਛੇ ਮਹੀਨੇ ਜਾਂ ਇਕ ਸਾਲ ਦਾ ਨੋਟਿਸ ਪੀਰੀਅਡ ਪੂਰਾ ਨਹੀਂ ਕੀਤਾ ਅਤੇ ਛੱਡ ਦਿੱਤਾ। ਅਜਿਹੇ ‘ਚ ਏਅਰਲਾਈਨ ਨੂੰ ਹਰ ਰੋਜ਼ ਉਡਾਣਾਂ ਰੱਦ ਕਰਨੀਆਂ ਪੈਂਦੀਆਂ ਹਨ। ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਪਾਇਲਟ ਅਕਾਸਾ ਏਅਰ ਦੀ ਮੁਕਾਬਲੇਬਾਜ਼ ਏਅਰਲਾਈਨਜ਼ ਨਾਲ ਜੁੜ ਗਏ ਹਨ। ਇਕ ਖ਼ਬਰ ਮੁਤਾਬਕ ਇਕ ਸੀਨੀਅਰ ਅਧਿਕਾਰੀ ਨੇ ਇਕ ਮੁਕਾਬਲੇ ਵਾਲੀ ਏਅਰਲਾਈਨ ਨੂੰ ਪੱਤਰ ਲਿਖ ਕੇ ਪਾਇਲਟਾਂ ਦੇ ਵਾਕਆਊਟ ‘ਤੇ ਏਅਰਲਾਈਨ ਦੀ ਚਿੰਤਾ ਜ਼ਾਹਰ ਕੀਤੀ ਅਤੇ ਇਸ ਨੂੰ ਅਨੈਤਿਕ ਕਰਾਰ ਦਿੱਤਾ।

ਖ਼ਬਰਾਂ ਮੁਤਾਬਕ ਅਕਾਸਾ ਏਅਰ ਨੇ ਉਹਨਾਂ 43 ਪਾਇਲਟਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ, ਜਿਹਨਾਂ ਨੇ ਨੋਟਿਸ ਪੀਰੀਅਡ ਦੀ ਮਿਆਦ ਪੂਰੀ ਕੀਤੇ ਬਿਨਾਂ ਕੰਪਨੀ ਨੂੰ ਛੱਡ ਦਿੱਤਾ ਅਤੇ ਚਲੇ ਗਏ ਹਨ। ਏਅਰਲਾਈਨ ਦਾ ਕਹਿਣਾ ਹੈ ਕਿ ਅਦਾਲਤ ਵਿੱਚ ਆਉਣ ਤੋਂ ਪਹਿਲਾਂ 3 ਅਗਸਤ ਨੂੰ ਡੀਜੀਸੀਏ ਨੂੰ ਪੱਤਰ ਵੀ ਲਿਖਿਆ ਗਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ।

Add a Comment

Your email address will not be published. Required fields are marked *