ਪੰਜਾਬ ’ਚ ਭਾਜਪਾ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਏਗੀ, ਕਾਂਗਰਸ ’ਚ ਹੁਣ ਹਿੰਮਤ ਨਹੀਂ ਰਹੀ : ਸੁਨੀਲ ਜਾਖੜ

ਜਲੰਧਰ -ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਹੁਣ ਭਾਜਪਾ ਹੀ ਨਿਭਾਏਗੀ ਕਿਉਂਕਿ ਕਾਂਗਰਸ ਵਿਚ ਹੁਣ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਦੀ ਹਿੰਮਤ ਨਹੀਂ ਰਹੀ। ਸੂਬਾ ਪ੍ਰਧਾਨ ਬਣਨ ਤੋਂ ਬਾਅਦ ਆਪਣੇ ਪਹਿਲੇ ਬਿਆਨ ’ਚ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਵੱਲ ਇਸ਼ਾਰਾ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਅੰਦਰ ਕਿਹਾ ਸੀ ਕਿ ਇਸ ਦੇ ਸਾਰੇ ਨੇਤਾ ਦਾਗੀ ਹਨ, ਇਸ ਲਈ ਉਸ ਸਮੇਂ ਸਾਰੇ ਕਾਂਗਰਸੀਆਂ ਨੇ ਅੱਖਾਂ ਨੀਵੀਆਂ ਕਰ ਲਈਆਂ ਸਨ, ਜਿਸ ਤੋਂ ਸਾਫ਼ ਸੀ ਕਿ ਕਾਂਗਰਸ ਵਿਚ ਭਗਵੰਤ ਮਾਨ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ।

ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੋਕਪ੍ਰਿਅਤਾ ਦਾ ਗ੍ਰਾਫ਼ ਹੇਠਾਂ ਡਿੱਗ ਰਿਹਾ ਹੈ ਅਤੇ ਭਾਜਪਾ ਖ਼ਾਲੀ ਅਹੁਦੇ ਨੂੰ ਭਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਦਾ ਡਟ ਕੇ ਮੁਕਾਬਲਾ ਕਰੇਗੀ ਅਤੇ ਲੋਕ ਵਿਰੋਧੀ ਫ਼ੈਸਲਿਆਂ ’ਤੇ ਘੇਰ ਕੇ ਸਰਕਾਰ ਨੂੰ ਬੈਕਫੁੱਟ ’ਤੇ ਲਿਆਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜਥੇਬੰਦੀ ਅਤੇ ਭਾਜਪਾ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਸਾਰੇ ਭਾਜਪਾ ਆਗੂਆਂ ਦਾ ਭਰੋਸਾ ਹਾਸਲ ਕਰਨਗੇ ਅਤੇ ਉਹ ਸਾਰੇ ਮਿਲ ਕੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਭਾਜਪਾ ਦੀ ਜਿੱਤ ਯਕੀਨੀ ਬਣਾਉਣਗੇ ਤਾਂ ਜੋ ਨਰਿੰਦਰ ਮੋਦੀ ਕੇਂਦਰ ਵਿਚ ਮੁੜ ਪ੍ਰਧਾਨ ਮੰਤਰੀ ਬਣ ਸਕਣ।

ਜਾਖੜ ਨੇ ਕਿਹਾ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਰੂਪਾਨੀ ਨੂੰ ਦਿੱਲੀ ਵਿਖੇ ਮਿਲਣਗੇ ਅਤੇ ਪਾਰਟੀ ਦੀਆਂ ਨੀਤੀਆਂ ਸਬੰਧੀ ਦਿਸ਼ਾ-ਨਿਰਦੇਸ਼ ਲੈਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਨਿਸ਼ਾਨਾ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਣਾ ਹੈ ਅਤੇ ਉਸ ਤੋਂ ਬਾਅਦ ਅਗਲਾ ਨਿਸ਼ਾਨਾ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤ ਕੇ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਾਉਣਾ ਹੈ। ਜਾਖੜ ਨੇ ਕਿਹਾ ਕਿ ਭਾਜਪਾ ਹਾਈਕਮਾਂਡ ਉਨ੍ਹਾਂ ਨੂੰ ਜੋ ਵੀ ਨਿਰਦੇਸ਼ ਦੇਵੇਗੀ, ਉਹ ਉਸ ’ਤੇ ਖਰ੍ਹਾ ਉਤਰਨਗੇ।

Add a Comment

Your email address will not be published. Required fields are marked *