ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕਪਾਹ ਉਦਯੋਗ ਅਹਿਮ ਥੰਮ੍ਹ : ਹਰਪਾਲ ਚੀਮਾ

ਚੰਡੀਗੜ੍ਹ –ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਇਸ ਸਬੰਧੀ ਘੜੀਆਂ ਜਾ ਰਹੀਆਂ ਯੋਜਨਾਵਾਂ ’ਚ ਕਪਾਹ ਉਦਯੋਗ ਦਾ ਅਹਿਮ ਸਥਾਨ ਹੈ। ਪੰਜਾਬ ਕਾਟਨ ਫੈਕਟਰੀਜ਼ ਐਂਡ ਜਿੰਨਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਇਥੇ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਇਸ ਗੱਲ ਨੂੰ ਦੁਹਰਾਉਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਦਯੋਗਿਕ ਖੇਤਰ ਸੂਬੇ ਦੀ ਆਰਥਿਕਤਾ ਦੀ ਮਜ਼ਬੂਤੀ ’ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਇਸ ਲਈ ਇਸ ਨੂੰ ਹੁਲਾਰਾ ਦੇਣ ਵਾਸਤੇ ਪੰਜਾਬ ਸਰਕਾਰ ਨੇ ਇਕ ਸਰਬਪੱਖੀ ਪਹੁੰਚ ਅਪਣਾਉਣ ਦਾ ਟੀਚਾ ਰੱਖਿਆ ਹੈ।

ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਦੇਰ ਨਾਲ ਅਤੇ ਬੇਮੌਸਮੀ ਬਾਰਿਸ਼ਾਂ ਕਾਰਨ ਨਰਮੇ ਦੀ ਫ਼ਸਲ ਦੇ ਖ਼ਰਾਬ ਹੋਣ ਅਤੇ ਇਸ ਦੇ ਸਿੱਟੇ ਵਜੋਂ ਕਪਾਹ ਫੈਕਟਰੀਆਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਦੇ ਮੱਦੇਨਜ਼ਰ ਬਿਜਲੀ ਬਿੱਲ ’ਚ ਲਏ ਜਾਣ ਵਾਲੇ ਫਿਕਸਡ ਖਰਚੇ ਮੁਆਫ਼ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਦੇ ਮੰਗ ਪੱਤਰ ’ਚ ਕਿਸਾਨਾਂ ਨੂੰ ਕਪਾਹ ਉਗਾਉਣ ਲਈ ਉਤਸ਼ਾਹਿਤ ਕਰਨਾ, ਵਿਭਾਗ ਵੱਲੋਂ ਚੰਗੀ ਗੁਣਵੱਤਾ ਵਾਲੇ ਕਪਾਹ ਦੇ ਬੀਜਾਂ ਦੀ ਸਪਲਾਈ ਕਰਨਾ, ਕਪਾਹ ਫੈਕਟਰੀਆਂ ਦੇ ਅਹਾਤੇ ’ਚ ਰਾਈਸ ਮਿੱਲਾਂ ਲਗਾਉਣ ਦੀ ਇਜਾਜ਼ਤ ਅਤੇ ਪੰਜਾਬ ’ਚ ਫਸਲ ਕਪਾਹ ਦੀ ਘਾਟ ਨੂੰ ਦੇਖਦਿਆਂ ਦੂਜੇ ਸੂਬਿਆਂ ਤੋਂ ਕਪਾਹ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਵੀ ਸ਼ਾਮਲ ਸੀ। ਮੰਗਾਂ ’ਤੇ ਹਮਦਰਦੀ ਨਾਲ ਸੁਣਵਾਈ ਕਰਦਿਆਂ ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਸਬੰਧ ’ਚ ਇਕ ਵਿਸਤ੍ਰਿਤ ਰਿਪੋਰਟ ਦੇਣ ਤੋਂ ਇਲਾਵਾ ਪ੍ਰਭਾਵਿਤ ਜ਼ਿਲ੍ਹਿਆਂ ਦੇ ਇਕ ਵਿਧਾਇਕ, ਉਦਯੋਗ ਦੇ 2 ਮੈਂਬਰਾਂ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਾਮਲ ਕਰ ਕੇ ਇਕ ਕਮੇਟੀ ਦਾ ਗਠਨ ਕਰਨ।

Add a Comment

Your email address will not be published. Required fields are marked *