10 ਦਿਨਾ ਅਮਰੀਕਾ ਦੌਰੇ ਲਈ ਸਾਨ ਫਰਾਂਸਿਸਕੋ ਪਹੁੰਚੇ ਰਾਹੁਲ ਗਾਂਧੀ

ਸਾਨ ਫਰਾਂਸਿਸਕੋ : ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਅਮਰੀਕਾ ਦੇ 3 ਸ਼ਹਿਰਾਂ ਦੇ ਦੌਰੇ ਲਈ ਇੱਥੇ ਪਹੁੰਚੇ। ਇਸ ਦੌਰਾਨ ਉਹ ਭਾਰਤੀ ਭਾਈਚਾਰੇ ਦੇ ਲੋਕਾਂ ਅਤੇ ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਰਾਹੁਲ ਗਾਂਧੀ ਦਾ ਹਵਾਈ ਅੱਡੇ ‘ਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਅਤੇ ਸੰਗਠਨ ਦੇ ਹੋਰ ਮੈਂਬਰਾਂ ਨੇ ਸਵਾਗਤ ਕੀਤਾ। ਰਾਹੁਲ ਵੱਲੋਂ ਸਾਨ ਫਰਾਂਸਿਸਕੋ ਦੀ ਵੱਕਾਰੀ ਸਟੈਨਫੋਰਡ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਉਹ ਵਾਸ਼ਿੰਗਟਨ ਵਿੱਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਤੇ ਸੰਸਦ ਮੈਂਬਰਾਂ ਅਤੇ ਸੰਸਥਾਵਾਂ ਨਾਲ ਜੁੜੇ ਲੋਕਾਂ ਨਾਲ ਮੀਟਿੰਗਾਂ ਕਰਨਗੇ।

ਅਮਰੀਕੀ ਦੌਰੇ ਦੌਰਾਨ 52 ਸਾਲਾ ਕਾਂਗਰਸ ਨੇਤਾ ਦੇ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਨ ਅਤੇ ਵਾਲ ਸਟਰੀਟ ਦੇ ਅਧਿਕਾਰੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਉਮੀਦ ਹੈ। ਉਹ 4 ਜੂਨ ਨੂੰ ਨਿਊਯਾਰਕ ‘ਚ ਇਕ ਜਨਤਕ ਸਮਾਗਮ ਨਾਲ ਆਪਣੀ ਯਾਤਰਾ ਦੀ ਸਮਾਪਤੀ ਕਰਨ ਵਾਲੇ ਹਨ। ਇਹ ਗੱਲਬਾਤ ਨਿਊਯਾਰਕ ਦੇ ਜੈਵਿਟਸ ਸੈਂਟਰ ਵਿੱਚ ਹੋਵੇਗੀ। ਪਿਤਰੋਦਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਰਾਹੁਲ ਗਾਂਧੀ ਦੇ ਦੌਰੇ ਦਾ ਉਦੇਸ਼ ਸਾਂਝੀਆਂ ਕਦਰਾਂ-ਕੀਮਤਾਂ ਅਤੇ ‘ਅਸਲ ਲੋਕਤੰਤਰ’ ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨਾ ਹੈ।

ਰਾਹੁਲ ਗਾਂਧੀ ਨੂੰ ਐਤਵਾਰ ਨੂੰ ਯਾਤਰਾ ਲਈ ਨਵਾਂ ਆਮ ਪਾਸਪੋਰਟ ਜਾਰੀ ਕੀਤਾ ਗਿਆ ਸੀ। ਸਾਬਕਾ ਕਾਂਗਰਸ ਪ੍ਰਧਾਨ ਨੇ ਸੰਸਦ ਮੈਂਬਰ ਵਜੋਂ ਜਾਰੀ ਕੀਤੇ ਡਿਪਲੋਮੈਟਿਕ ਪਾਸਪੋਰਟ ਨੂੰ ਜਮ੍ਹਾ ਕਰਨ ਤੋਂ ਬਾਅਦ ਆਮ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ। ਸਾਬਕਾ ਕਾਂਗਰਸ ਪ੍ਰਧਾਨ ਨੂੰ ਗੁਜਰਾਤ ਦੇ ਸੂਰਤ ਦੀ ਅਦਾਲਤ ਨੇ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਰਾਹੁਲ ਨੇ ਡਿਪਲੋਮੈਟਿਕ ਯਾਤਰਾ ਦਸਤਾਵੇਜ਼ ਵਾਪਸ ਕਰ ਦਿੱਤੇ ਸਨ।

Add a Comment

Your email address will not be published. Required fields are marked *