ਸੰਯੁਕਤ ਰਾਸ਼ਟਰ ’ਚ ਮਹਾਤਮਾ ਗਾਂਧੀ ਦਾ ਹੋਲੋਗ੍ਰਾਮ ਪ੍ਰਦਰਸ਼ਿਤ

ਸੰਯੁਕਤ ਰਾਸ਼ਟਰ, 1 ਅਕਤੂਬਰ

ਸੰਯੁਕਤ ਰਾਸ਼ਟਰ ਵਿੱਚ ਪਹਿਲੀ ਵਾਰ ਮਹਾਤਮਾ ਗਾਂਧੀ ਦਾ ਵਿਸ਼ੇਸ਼ ਆਦਮਕੱਦ ਵਾਲਾ ਹੋਲੋਗ੍ਰਾਮ ਪੇਸ਼ ਕਰਦਿਆਂ ਆਲਮੀ ਸੰਸਥਾ ਵਿੱਚ ਸਿੱਖਿਆ ਬਾਰੇ ਉਨ੍ਹਾਂ ਦਾ ਸੰਦੇਸ਼ ਸਾਂਝਾ ਕੀਤਾ ਗਿਆ। ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਸੰਯੁਕਤ ਰਾਸ਼ਟਰ ’ਚ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਮਨਾਇਆ ਗਿਆ। ਭਾਰਤ ਦੇ ਸਥਾਈ ਮਿਸ਼ਨ ਅਤੇ ਯੂਨੈਸਕੋ ਮਹਾਤਮਾ ਗਾਂਧੀ ਇੰਸਟੀਚਿਊਟ ਫਾਰ ਪੀਸ ਐਂਡ ਸਸਟੇਨੇਬਲ ਡਿਵੈਲਪਮੈਂਟ ਐਜੂਕੇਸ਼ਨ (ਐੱਮਜੀਆਈਈਪੀ) ਨੇ ਇੱਥੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿੱਚ ਚਰਚਾ ਦੌਰਾਨ ਮਹਾਤਮਾ ਗਾਂਧੀ ਦਾ  ਵਿਸ਼ੇਸ਼ ਆਦਮਕੱਦ ਹੋਲੋਗ੍ਰਾਮ ਪੇਸ਼ ਕੀਤਾ। ਕੌਮਾਂਤਰੀ ਅਹਿੰਸਾ ਦਿਵਸ ਹਰ ਸਾਲ 2 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਚਰਚਾ ਦੌਰਾਨ ਭਾਰਤ ਦੀ ਸੰਯੁਕਤ ਰਾਸ਼ਟਰ ’ਚ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ, ਅਟਲਾਂਟਾ ਦੇ ਦਿ ਕਿੰਗ ਸੈਂਟਰ ਦੇ ਸੀਈਓ ਬਰਨਿਸ ਕਿੰਗ ਅਤੇ ਨੌਜਵਾਨ ਨੁਮਾਇੰਦੇ ਇੰਡੋਨੇਸ਼ੀਆ ਦੀ ਪ੍ਰਿੰਸੈਸ ਹਾਯੂ ਹਾਜ਼ਰ ਸਨ। ਚਰਚਾ ਦੀ ਸ਼ੁਰੂਆਤ ਯੂਨੈਸਕੋ ਐੱਮਜੀਆਈਈਪੀ ਦੇ ਡਾਇਰੈਕਟਰ ਅਨੰਤ ਦੁਰਾਈਯੱਪਾ ਨੇ ਕੀਤੀ। ਮਹਾਤਮਾ ਗਾਂਧੀ ਦੇ ਹੋਲੋਗ੍ਰਾਮ ਨਾਲ ਉਨ੍ਹਾਂ ਦੇ ਸਿੱਖਿਆ ਬਾਰੇ ਵਿਚਾਰਾਂ ਨੂੰ ਆਵਾਜ਼ ਰਾਹੀਂ ਸਾਂਝਾ ਕੀਤਾ ਗਿਆ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦਾ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਗਿਆ।

Add a Comment

Your email address will not be published. Required fields are marked *