PM ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਰਾਹੁਲ ਗਾਂਧੀ ਕਰਨਗੇ ਨਿਊਯਾਰਕ ‘ਚ ਰੈਲੀ ਨੂੰ ਸੰਬੋਧਨ

ਵਾਸ਼ਿੰਗਟਨ : ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 4 ਜੂਨ ਨੂੰ ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ‘ਚ ਰੈਲੀ ਕਰਨ ਵਾਲੇ ਹਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਅਮਰੀਕਾ ਦੌਰਾ 22 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਤੋਂ ਠੀਕ ਪਹਿਲਾਂ ਆ ਰਿਹਾ ਹੈ। ਰਾਹੁਲ ਗਾਂਧੀ ਭਾਰਤ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਸੀਨੀਅਰ ਨੇਤਾ ਹਨ। ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ 31 ਮਈ ਤੋਂ ਅਮਰੀਕਾ ਦੇ 10 ਦਿਨਾਂ ਦੇ ਦੌਰੇ ‘ਤੇ ਹੋਣਗੇ ਅਤੇ 4 ਜੂਨ ਨੂੰ ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਲਗਭਗ 5,000 ਦੇ ਕਰੀਬ ਗੈਰ-ਨਿਵਾਸੀ ਭਾਰਤੀਆਂ (ਐੱਨਆਰਆਈਜ਼) ਦੀ ਰੈਲੀ ਨੂੰ ਸੰਬੋਧਨ ਕਰਨਗੇ।

ਮੰਗਲਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਦਾ ਅਮਰੀਕਾ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 22 ਜੂਨ ਨੂੰ ਹੋਣ ਵਾਲੇ ਅਮਰੀਕਾ ਦੌਰੇ ਤੋਂ ਠੀਕ ਪਹਿਲਾਂ ਆ ਰਿਹਾ ਹੈ। ਰਾਹੁਲ ਗਾਂਧੀ ਵਾਸ਼ਿੰਗਟਨ ਅਤੇ ਕੈਲੀਫੋਰਨੀਆ ਦਾ ਵੀ ਦੌਰਾ ਕਰਨਗੇ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕਰਨ ਦੀ ਉਮੀਦ ਹੈ। ਕਾਂਗਰਸ ਆਗੂ ਆਪਣੇ ਦੌਰੇ ਦੌਰਾਨ ਅਮਰੀਕਾ ਵਿੱਚ ਕਈ ਸਿਆਸਤਦਾਨਾਂ ਅਤੇ ਕਾਰੋਬਾਰੀ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ 22 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਸੰਯੁਕਤ ਰਾਜ ਅਮਰੀਕਾ ਦੀ ਪਹਿਲੀ ਸਰਕਾਰੀ ਯਾਤਰਾ ਲਈ ਮੇਜ਼ਬਾਨੀ ਕਰਨਗੇ।

ਵ੍ਹਾਈਟ ਹਾਊਸ ਨੇ ਕਿਹਾ ਕਿ ਇਹ ਦੌਰਾ ਮੁਕਤ, ਖੁੱਲ੍ਹੇ ਅਤੇ ਸੁਰੱਖਿਅਤ ਇੰਡੋ-ਪੈਸੀਫਿਕ ਲਈ ਦੋਵਾਂ ਦੇਸ਼ਾਂ ਦਰਮਿਆਨ ਸਾਂਝੀ ਵਚਨਬੱਧਤਾ ਨੂੰ ਮਜ਼ਬੂਤ ਕਰੇਗਾ ਤੇ ਆਗਾਮੀ ਦੌਰਾ ਸੰਯੁਕਤ ਰਾਜ ਅਤੇ ਭਾਰਤ ਵਿਚਾਲੇ ਡੂੰਘੀ ਅਤੇ ਨਜ਼ਦੀਕੀ ਸਾਂਝੇਦਾਰੀ ਅਤੇ ਪਰਿਵਾਰਕ ਤੇ ਦੋਸਤੀ ਦੇ ਨਿੱਘੇ ਬੰਧਨ ਦੀ ਪੁਸ਼ਟੀ ਕਰੇਗਾ, ਜੋ ਅਮਰੀਕੀਆਂ ਅਤੇ ਭਾਰਤੀਆਂ ਨੂੰ ਆਪਸ ਵਿੱਚ ਜੋੜਦਾ ਹੈ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੇ ਇਕ ਬਿਆਨ ‘ਚ ਕਿਹਾ, “ਇਹ ਦੌਰਾ ਸੁਰੱਖਿਅਤ ਇੰਡੋ-ਪੈਸੀਫਿਕ ਅਤੇ ਰੱਖਿਆ, ਸਾਫ਼ ਊਰਜਾ ਅਤੇ ਪੁਲਾੜ ਸਮੇਤ ਸਾਡੀ ਰਣਨੀਤਕ ਟੈਕਨਾਲੋਜੀ ਭਾਈਵਾਲੀ ਨੂੰ ਉੱਚਾ ਚੁੱਕਣ ਦਾ ਸਾਡਾ ਸਾਂਝਾ ਸੰਕਲਪ ਹੈ।” ਬਿਆਨ ਵਿੱਚ ਕਿਹਾ ਗਿਆ ਹੈ ਕਿ ਨੇਤਾ ਜਲਵਾਯੂ ਤਬਦੀਲੀ ਤੋਂ ਲੈ ਕੇ ਸਿਹਤ ਸੁਰੱਖਿਆ ਤੱਕ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਿਲ ਕੇ ਕੰਮ ਕਰਨ ਦੇ ਤਰੀਕਿਆਂ ‘ਤੇ ਚਰਚਾ ਕਰਨਗੇ।

ਰਾਹੁਲ ਗਾਂਧੀ ਦਾ ਅਮਰੀਕਾ ਦੌਰਾ ਭਾਰਤ ਦੇ ਸੂਬੇ ਕਰਨਾਟਕ ‘ਚ ਮਿਲੀ ਜ਼ਬਰਦਸਤ ਜਿੱਤ ਤੋਂ ਬਾਅਦ ਹੋਵੇਗਾ, ਜਿੱਥੇ ਕਾਂਗਰਸ ਨੇ 224 ਮੈਂਬਰੀ ਸਦਨ ‘ਚ 135 ਸੀਟਾਂ ਜਿੱਤੀਆਂ ਹਨ। ਰਾਹੁਲ ਗਾਂਧੀ ਦੀ ਦੇਸ਼ ਵਿਆਪੀ ਭਾਰਤ ਜੋੜੋ ਯਾਤਰਾ ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਯਤਾ ਵਿੱਚ ਵੀ ਵਾਧਾ ਹੋਇਆ ਹੈ।

Add a Comment

Your email address will not be published. Required fields are marked *