‘ਖਤਰੋਂ ਕੇ ਖਿਲਾੜੀ 13’ ‘ਚ ਨਜ਼ਰ ਆਉਣ ਵਾਲੀ ਇਸ ਅਦਾਕਾਰਾ ਨੂੰ ਆਇਆ ਪੈਨਿਕ ਅਟੈਕ

ਮੁੰਬਈ : ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਅੰਜੁਮ ਫਕੀਹ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਅੰਜੁਮ ਨੂੰ ਪੈਨਿਕ ਅਟੈਕ ਆਇਆ ਹੈ, ਜਿਸ ਕਾਰਨ ਉਸ ਦਾ ਕਾਫ਼ੀ ਬੁਰਾ ਹਾਲ ਹੋ ਰਿਹਾ ਹੈ। ਅੰਜੁਮ ਫਕੀਹ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਨੋਟ ਲਿਖਿਆ ਹੈ, ਜਿਸ ‘ਚ ਉਸ ਨੇ ਆਪਣੀ ਚਿੰਤਾ ਬਾਰੇ ਗੱਲ ਕੀਤੀ ਹੈ।

ਉਸ ਨੇ ਕਿਹਾ, ”ਮੈਂ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਹਾਂ। ਮੇਰੇ ਅੰਦਰ ਬਹੁਤ ਸਾਰੀਆਂ ਚਿੰਤਾਵਾਂ ਹਨ ਅਤੇ ਕੁਝ ਦਿਨਾਂ ਤੋਂ ਮੈਨੂੰ ਬੇਚੈਨੀ, ਤੇਜ਼ ਬੁਖਾਰ, ਸਿਹਤ ਵੀ ਠੀਕ ਨਹੀਂ ਹੈ। ਇਹ ਮੇਰੇ ਨਾਲ ਉਦੋਂ ਵਾਪਰਦਾ ਹੈ ਜਦੋਂ ਮੈਂ ਕਿਸੇ ਕਾਰਨ ਤਣਾਅ ‘ਚ ਹੁੰਦੀ ਹਾਂ।” ਅੱਗੇ ਅੰਜੁਮ ਨੇ ਲਿਖਿਆ, ”ਮੈਂ ਖ਼ਤਰਿਆਂ ਨਾਲ ਲੜਨ ਲਈ ਗਈ ਸੀ ਅਤੇ ਮੇਰੀ ਅਜਿਹੀ ਹਾਲਤ ਹੋ ਗਈ ਹੈ। ਪ੍ਰਾਰਥਨਾ ਕਰੋ ਕਿ ਮੈਂ ਜ਼ਿਆਦਾ ਨਾ ਸੋਚਾਂ, ਬੱਸ ਇੱਕ ਸਕਾਰਾਤਮਕ ਰਵੱਈਏ ਨਾਲ ਅੱਗੇ ਵਧਦੀ ਰਹਾਂ। ਉਮੀਦ ਹੈ ਕਿ ਮੈਂ ਠੀਕ ਹੋ ਜਾਵਾਂਗੀ।” 

ਦੱਸ ਦਈਏ ਕਿ ਅੰਜੁਮ ਫਕੀਹ ਰੋਹਿਤ ਸ਼ੈੱਟੀ ਦੇ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 13’ ‘ਚ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਸਟੰਟ ਬੇਸਡ ਸ਼ੋਅ ਦੀ ਸ਼ੂਟਿੰਗ ਤੋਂ ਪਹਿਲਾਂ ਹੀ ਅੰਜੁਮ ਦੀ ਹਾਲਤ ਵਿਗੜ ਗਈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅੰਜੁਮ ਨੇ ਖ਼ੁਲਾਸਾ ਕੀਤਾ ਹੈ ਕਿ ‘ਖਤਰੋਂ ਕੇ ਖਿਲਾੜੀ 13’ ‘ਚ ਜਾਣ ਤੋਂ ਪਹਿਲਾਂ ਉਹ ਕਾਫ਼ੀ ਨਰਵਸ ਹੈ।

ਦੱਸਣਯੋਗ ਹੈ ਕਿ ਅੰਜੁਮ ‘ਬੜੇ ਅੱਛੇ ਲਗਤੇ ਹੈਂ 2’ ‘ਚ ਵੀ ਨਜ਼ਰ ਆ ਚੁੱਕੀ ਹੈ। ਅੰਜੁਮ ਫਕੀਹ ‘ਕੁੰਡਲੀ ਭਾਗਿਆ’ ‘ਚ ਸ੍ਰਿਸ਼ਟੀ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਹ ਇਸ ਸ਼ੋਅ ਨਾਲ 6 ਸਾਲ ਤੱਕ ਜੁੜੀ ਹੋਈ ਸੀ। ਕੁਝ ਸਮਾਂ ਪਹਿਲਾਂ ਅੰਜੁਮ ਨੇ ਸ਼ੋਅ ਨੂੰ ਅਲਵਿਦਾ ਕਿਹਾ ਅਤੇ ‘ਖਤਰੋਂ ਕੇ ਖਿਲਾੜੀ 13’ ਦੀ ਪੇਸ਼ਕਸ਼ ਸਵੀਕਾਰ ਕੀਤੀ। 

Add a Comment

Your email address will not be published. Required fields are marked *