ਅੱਤਵਾਦੀ ਸਾਜ਼ਿਸ਼ ਦਾ ਖੁਲਾਸਾ ਕਰਦੀ ਹੈ ‘ਦਿ ਕੇਰਲ ਸਟੋਰੀ’ : PM ਮੋਦੀ

ਬੇਲਾਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਫਿਲਮ ‘ਦਿ ਕੇਰਲ ਸਟੋਰੀ’ ਨੂੰ ਲੈ ਕੇ ਜਾਰੀ ਵਿਵਾਦ ਦਾ ਜ਼ਿਕਰ ਕਰਦਿਆਂ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਾਇਆ ਕਿ ਉਹ ਸਮਾਜ ਨੂੰ ਤਹਿਸ-ਨਹਿਸ ਕਰਨ ਵਾਲੀ ‘ਅੱਤਵਾਦੀ ਸੋਚ’ ਦੇ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਦੋਸ਼ ਵੀ ਲਾਇਆ ਕਿ ਕਾਂਗਰਸ ਅੱਤਵਾਦੀ ਸੋਚ ਵਾਲਿਆਂ ਵਲੋਂ ਪਿਛਲੇ ਦਰਵਾਜ਼ਿਓਂ ਰਾਜਨੀਤਕ ਸੌਦੇਬਾਜ਼ੀ ਤੱਕ ਕਰ ਰਹੀ ਹੈ।

‘ਦਿ ਕੇਰਲ ਸਟੋਰੀ’ ਨੂੰ ਅੱਤਵਾਦੀਆਂ ਦੀਆਂ ‘ਫਰਜ਼ੀ ਨੀਤੀਆਂ’ ਦੀਆਂ ਸਾਜ਼ਿਸ਼ਾਂ ’ਤੇ ਆਧਾਰਿਤ ਫਿਲਮ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਇਹ ਫਿਲਮ ਕੇਰਲ ’ਚ ਚੱਲ ਰਹੀਆਂ ਅੱਤਵਾਦੀ ਸਾਜ਼ਿਸ਼ਾਂ ਦਾ ਖੁਲਾਸਾ ਕਰਦੀ ਹੈ। ਉਨ੍ਹਾਂ ਕਿਹਾ, ‘‘ਦੇਸ਼ ਦੀ ਬਦਕਿਸਮਤੀ ਵੇਖੋ, ਕਾਂਗਰਸ ਅੱਜ ਸਮਾਜ ਨੂੰ ਤਹਿਸ-ਨਹਿਸ ਕਰਨ ਵਾਲੀ ਇਸ ਅੱਤਵਾਦੀ ਸੋਚ ਦੇ ਨਾਲ ਖੜ੍ਹੀ ਨਜ਼ਰ ਆ ਰਹੀ ਹੈ।’’

ਪ੍ਰਧਾਨ ਮੰਤਰੀ ਨੇ ਅੱਤਵਾਦ ਨੂੰ ਮਨੁੱਖਤਾ ਵਿਰੋਧੀ, ਜੀਵਨ ਕਦਰਾਂ-ਕੀਮਤਾਂ ਵਿਰੋਧੀ ਅਤੇ ਵਿਕਾਸ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਇਸ ਮੁੱਦੇ ’ਤੇ ਸਖ਼ਤ ਹੈ ਪਰ ਜਦੋਂ ਵੀ ਅੱਤਵਾਦੀਆਂ ਦੇ ਖਿਲਾਫ਼ ਕਾਰਵਾਈ ਹੁੰਦੀ ਹੈ ਤਾਂ ਕਾਂਗਰਸ ਦੇ ਢਿੱਡ ’ਚ ਪੀੜ ਹੋਣ ਲੱਗਦੀ ਹੈ। ਉਨ੍ਹਾਂ ਕਿਹਾ, ‘‘ਮੈਂ ਇਹ ਵੇਖ ਕੇ ਹੈਰਾਨ ਹਾਂ ਕਿ ਵੋਟ ਬੈਂਕ ਦੀ ਖਾਤਰ ਕਾਂਗਰਸ ਨੇ ਅੱਤਵਾਦ ਦੇ ਸਾਹਮਣੇ ਗੋਡੇ ਟੇਕ ਦਿੱਤੇ ਹਨ। ਵੋਟ ਬੈਂਕ ਦੀ ਵਜ੍ਹਾ ਨਾਲ ਅੱਜ ਕਾਂਗਰਸ ਅੱਤਵਾਦ ਦੇ ਖਿਲਾਫ਼ ਇਕ ਸ਼ਬਦ ਬੋਲਣ ਦੀ ਵੀ ਹਿੰਮਤ ਗੁਆ ਚੁੱਕੀ ਹੈ। ਵੋਟ ਬੈਂਕ ਦੀ ਰਾਜਨੀਤੀ ਕਾਰਨ ਹੀ ਕਾਂਗਰਸ ਨੇ ਅੱਤਵਾਦ ਨੂੰ ਪਾਲ਼ਿਆ-ਪੋਸਿਆ ਅਤੇ ਉਸ ਨੂੰ ਸ਼ਰਨ ਦਿੱਤੀ।’’

ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਮੋਦੀ ਨੇ ਕਿਹਾ ਕਿ ਭਾਜਪਾ ਦਾ ਐਲਾਨ-ਪੱਤਰ ਉਸ ਦੇ ਲਈ ‘ਵਾਅਦਾ ਪੱਤਰ’ ਹੈ ਅਤੇ ਉਸ ’ਚ ਕਰਨਾਟਕ ਨੂੰ ਦੇਸ਼ ਦਾ ਨੰਬਰ ਵਨ ਸੂਬਾ ਬਣਾਉਣ ਦਾ ਰੋਡਮੈਪ ਹੈ, ਜਦੋਂ ਕਿ ਕਾਂਗਰਸ ਦੇ ਐਲਾਨ-ਪੱਤਰ ’ਚ ਢੇਰ ਸਾਰੇ ਝੂਠੇ ਵਾਅਦੇ ਹਨ। ਉਨ੍ਹਾਂ ਕਿਹਾ, ‘‘ਕਾਂਗਰਸ ਦਾ ਐਲਾਨ-ਪੱਤਰ ਮਤਲਬ ਤਾਲਾਬੰਦੀ ਅਤੇ ਤੁਸ਼ਟੀਕਰਨ ਦਾ ਬੰਡਲ।’’ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਕਰਨਾਟਕ ਚੋਣਾਂ ’ਚ ਕਾਂਗਰਸ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਹੈ ਕਿ ਉਸ ਦੇ ਨੇਤਾਵਾਂ ਦੇ ਪੈਰ ਕੰਬ ਰਹੇ ਹਨ ਅਤੇ ਇਸ ਲਈ ਕਾਂਗਰਸ ਨੂੰ ਉਨ੍ਹਾਂ ਦੇ ‘ਜੈ ਬਜਰੰਗ ਬਲੀ’ ਬੋਲਣ ’ਤੇ ਵੀ ਇਤਰਾਜ਼ ਹੋਣ ਲੱਗਾ ਹੈ।

Add a Comment

Your email address will not be published. Required fields are marked *