ਪਹਿਲਵਾਨਾਂ ਵੱਲੋਂ ਧਰਨਾ ਰਾਮ ਲੀਲਾ ਮੈਦਾਨ ’ਚ ਲਿਜਾਣ ਦੇ ਸੰਕੇਤ

ਨਵੀਂ ਦਿੱਲੀ, 16 ਮਈ-: ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਪਹਿਲਵਾਨਾਂ ਨੇ ਅੱਜ ਸੰਕੇਤ ਦਿੱਤੇ ਕਿ ਉਹ ਆਪਣਾ ਅੰਦੋਲਨ ਨੂੰ ਰਾਮ ਲੀਲਾ ਮੈਦਾਨ ’ਚ ਲਿਜਾ ਸਕਦੇ ਹਨ ਤਾਂ ਜੋ ਇਸ ਨੂੰ ਕੌਮੀ ਅੰਦੋਲਨ ਬਣਾਇਆ ਜਾ ਸਕੇ।

ਓਲੰਪਿਕ ਤਗਮਾ ਜੇਤੂ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਅਤੇ ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਸਮੇਤ ਭਾਰਤ ਦੇ ਸਿਖਰਲੇ ਪਹਿਲਵਾਨ ਪਿਛਲੇ 24 ਦਿਨ ਤੋਂ ਇੱਥੇ ਜੰਤਰ ਮੰਤਰ ’ਤੇ ਧਰਨੇ ’ਤੇ ਬੈਠੇ ਹੋਏ ਹਨ। ਉਹ ਬ੍ਰਿਜਭੂਸ਼ਨ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ, ਜਿਸ ’ਤੇ ਇੱਕ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਨੇ ਕਥਿਤ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਮੌਜੂਦਾ ਧਰਨੇ ਨੂੰ ਜੰਤਰ-ਮੰਤਰ ਤੋਂ ਕਿਤੇ ਵੱਡੀ ਥਾਂ ਰਾਮਲੀਲਾ ਮੈਦਾਨ ’ਤੇ ਲਿਜਾ ਕੇ ਇਸ ਨੂੰ ਕੌਮੀ ਅੰਦੋਲਨ ਬਣਾਉਣ ਸਬੰਧੀ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਦੇ ਸੁਝਾਅ ’ਤੇ ਪ੍ਰਤੀਕਿਰਿਆ ਦਿੰਦਿਆਂ ਸਾਕਸ਼ੀ ਮਲਿਕ ਨੇ ਕਿਹਾ, ‘ਅਸੀਂ ਆਪਸ ’ਚ ਚਰਚਾ ਕਰਾਂਗੇ (ਰਾਮ ਲੀਲਾ ਮੈਦਾਨ ’ਚ ਵਿਰੋਧ ਪ੍ਰਦਰਸ਼ਨ ਬਾਰੇ) ਅਤੇ ਜਲਦੀ ਹੀ ਇਸ ਬਾਰੇ ਫ਼ੈਸਲਾ ਕਰਾਂਗੇ।’ ਜ਼ਿਕਰਯੋਗ ਹੈ ਕਿ ਜੰਤਰ ਮੰਤਰ ’ਤੇ ਵਿਰੋਧ ਕਰਨ ਵਾਲੇ ਪਹਿਲਵਾਨਾਂ ਨਾਲ ਆਜ਼ਾਦ ਲੰਘੀ ਸ਼ਾਮ ਜੁੜੇ ਸੀ ਪਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਾਤ ਸਮੇਂ ਉੱਥੋਂ ਜਾਣ ਲਈ ਕਿਹਾ ਸੀ। ਅੱਜ ਉਹ ਆਪਣੇ ਹਮਾਇਤੀਆਂ ਨਾਲ ਦੁਬਾਰਾ ਆਏ ਤੇ ਉਨ੍ਹਾਂ ਪਹਿਲਵਾਨਾਂ ਨੂੰ ਅਪੀਲ ਕੀਤੀ ਕਿ ਉਹ 21 ਮਈ ਮਗਰੋਂ ਆਪਣੇ ਅੰਦੋਲਨ ਨੂੰ ਰਾਮਲੀਲਾ ਮੈਦਾਨ ’ਚ ਲਿਜਾ ਕੇ ਇਸ ਨੂੰ ਵੱਡਾ ਬਣਾਉਣ ਦਾ ਫ਼ੈਸਲਾ ਕਰਨ। ਖਾਪ ਪੰਚਾਇਤਾਂ ਨੇ ਬ੍ਰਿਜਭੂਸ਼ਨ ਖ਼ਿਲਾਫ਼ ਕਾਰਵਾਈ ਲਈ ਸਰਕਾਰ ਨੂੰ ਵੀ ਇਹੀ ਸਮਾਂ ਦਿੱਤਾ ਹੈ।

Add a Comment

Your email address will not be published. Required fields are marked *