ਨਾਕੇ ’ਤੇ ਤਾਇਨਾਤ ਹੋਮਗਾਰਡ ਦੇ ਜਵਾਨਾਂ ‘ਤੇ ਚੜ੍ਹਾਇਆ ਟਰੱਕ

ਹਰਿਆਣਾ – ਬੀਤੀ ਰਾਤ ਥਾਣਾ ਹਰਿਆਣਾ ਦੇ ਬਾਹਰ ਨਾਕੇ ’ਤੇ ਮੌਜੂਦ ਪੀ. ਐੱਚ. ਜੀ. ਦੇ ਤਿੰਨ ਜਵਾਨਾਂ ਨੂੰ ਇਕ ਟਰੱਕ ਵੱਲੋਂ ਟੱਕਰ ਮਾਰ ਦਿੱਤੀ। ਟਰੱਕ ਨਾਲ ਟੱਕਰ ਕਾਰਨ ਇਕ ਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਕੀ ਦੋ ਫੱਟੜ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਘਟਨਾ ਸਬੰਧੀ ਵਧੇਰੇ ਜਾਣਕਾਰੀ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ ਥਾਣਾ ਹਰਿਆਣਾ ਦੇ ਬਾਹਰ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਹੁਸ਼ਿਆਰਪੁਰ ਤੋਂ ਦਸੂਹਾ ਨੂੰ ਜਾ ਰਿਹਾ ਟਰੱਕ ਜੇ. ਕੇ 08-ਬੀ-0995, ਜਿਸ ਨੂੰ ਅਸ਼ੋਕ ਕੁਮਾਰ ਪੁੱਤਰ ਪ੍ਰਕਾਸ਼ ਚੰਦ ਪਿੰਡ ਪੰਜੌਰ ਥਾਣਾ ਸੁਜਾਨਪੁਰ ਜ਼ਿਲ੍ਹਾ ਪਠਾਨਕੋਟ ਚਲਾ ਰਿਹਾ ਸੀ। ਜਿਸ ਨੇ ਟਰੱਕ ਨਾਲ ਡਿਊਟੀ ’ਤੇ ਮੌਜੂਦ ਸਤਨਾਮ ਸਿੰਘ, ਫੁਮਣ ਸਿੰਘ ਅਤੇ ਰਾਜਾ ਰਾਮ ਪੀ. ਐੱਚ. ਜੀ . ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਸਤਨਾਮ ਸਿੰਘ ਪੀ. ਐੱਚ. ਜੀ. ਦੀ ਮੌਕੇ ’ਤੇ ਮੌਤ ਹੋ ਗਈ ਤੇ ਫੁਮਣ ਸਿੰਘ ਤੇ ਰਾਜਾ ਰਾਮ ਫੱਟੜ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ। ਉਕਤ ਟੱਕਰ ਦੌਰਾਨ ਸੜਕ ਕਿਨਾਰੇ ਖੜ੍ਹੇ ਬਿਜਲੀ ਦੇ ਪੋਲ ਵੀ ਨੁਕਸਾਨੇ ਗਏ। ਪੁਲਸ ਵੱਲੋਂ ਚਾਲਕ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਅਤੇ ਉਸਦੇ ਖਿਲਾਫ ਧਾਰਾ 304,279,337,338 ਅਤੇ 427 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Add a Comment

Your email address will not be published. Required fields are marked *