ਬੇਅਦਬੀ ਦੇ ਝੂਠੇ ਦੋਸ਼ਾਂ ਦਾ ਬਾਦਲ ਸਾਬ੍ਹ ਨੂੰ ਸੀ ਗ਼ਮ : ਹਰਸਿਮਰਤ ਬਾਦਲ

ਬਠਿੰਡਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ’ਚ ਉਨ੍ਹਾਂ ਦੇ ਚਹੇਤੇ, ਆਮ ਲੋਕ ਅਤੇ ਸੂਬਾਈ ਆਗੂ ਪਹੁੰਚ ਰਹੇ ਹਨ। ਉਨ੍ਹਾਂ ਦੇ ਜੱਦੀ ਪਿੰਡ ਬਾਦਲ ’ਚ ਸੋਗ ਮਨਾਉਣ ਆਏ ਲੋਕਾਂ ਦੀ ਗਿਣਤੀ ਇੰਨੀ ਹੈ ਕਿ ਪੈਰ ਰੱਖਣ ਲਈ ਵੀ ਥਾਂ ਨਹੀਂ ਮਿਲ ਰਹੀ। ਸੋਮਵਾਰ ਨੂੰ ਵੀ ਉਨ੍ਹਾਂ ਦੇ ਦੇਹਾਂਤ ’ਤੇ ਸ਼ੋਕ ਪ੍ਰਗਟ ਕਰਨ ਲਈ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਸਹਿਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸਾਬਕਾ ਵਿਧਾਇਕ ਗੋਲਡੀ ਬਰਾੜ ਸਮੇਤ ਕਈ ਆਗੂ ਤੇ ਸੰਤ-ਮਹਾਪੁਰਸ਼ ਪਹੁੰਚੇ। ਇਸ ਮੌਕੇ ’ਤੇ ਸੰਵੇਦਨਾ ਪ੍ਰਗਟ ਕਰ ਰਹੇ ਲੋਕਾਂ ਦਾ ਹਰਸਿਮਰਤ ਕੌਰ ਬਾਦਲ ਹੱਥ ਜੋੜ ਕੇ ਧੰਨਵਾਦ ਕਰ ਰਹੀ ਸੀ, ਉਥੇ ਹੀ ਬਾਦਲ ਸਾਬ੍ਹ ਦੇ ਸੁਫ਼ਨਿਆਂ ਬਾਰੇ ਗੱਲ ਕਰ ਰਹੀ ਸੀ। ਹਰਸਿਮਰਤ ਕੌਰ ਬਾਦਲ ਨੇ ਭਾਵੁਕ ਹੋ ਕੇ ਮੀਡੀਆ ਨੂੰ ਕਿਹਾ ਕਿ ਬਾਦਲ ਸਾਬ੍ਹ ਨੂੰ ਬੇਅਦਬੀ ਮਾਮਲਿਆਂ ਦੇ ਝੂਠੇ ਦੋਸ਼ਾਂ ਦਾ ਬਹੁਤ ਗ਼ਮ ਸੀ।

ਉਹ ਅਕਸਰ ਕਹਿੰਦੇ ਸਨ ਕਿ ਉਨ੍ਹਾਂ ਨੇ ਸੂਬੇ ਦੀ ਭਲਾਈ ਲਈ ਵਧੀਆ ਕੰਮ ਕੀਤੇ ਹਨ, ਭਾਈਚਾਰਕ ਸਾਂਝ ਨੂੰ ਮਜ਼ਬੂਤ ​​ਕੀਤਾ ਹੈ ਪਰ ਉਨ੍ਹਾਂ ’ਤੇ ਜੋ ਸਿਆਸੀ ਪਾਰਟੀਆਂ ਨੇ ਝੂਠੇ ਦੋਸ਼ ਲਾਏ, ਵਾਹਿਗੁਰੂ ਉਨ੍ਹਾਂ ਨੂੰ ਸਦਬੁੱਧੀ ਦੇਵੇ। ਹਰਸਿਮਰਤ ਕੌਰ ਬਾਦਲ ਨੇ ਅਪੀਲ ਕੀਤੀ ਕਿ ਹੁਣ ਉਨ੍ਹਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਨਾਲ ਹੀ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਬਾਦਲ ਸਾਬ੍ਹ ਦੇ ਜਾਣ ਨਾਲ ਇਸ ਘਾਟੇ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਜੋ ਕੰਮ ਉਹ ਕਰ ਚੁੱਕੇ ਹਨ, ਉਹ ਹੋਰ ਕੋਈ ਨਹੀਂ ਕਰ ਸਕਦਾ।

Add a Comment

Your email address will not be published. Required fields are marked *