ਬੇਅਦਬੀ ਮੁੱਦਾ: ‘ਆਪ’ ਸਰਕਾਰ ਨੂੰ ਮੁਜ਼ਾਹਰਾਕਾਰੀਆਂ ਦੇ ਰੋਹ ਦਾ ਸਾਹਮਣਾ

ਚੰਡੀਗੜ੍ਹ, 5 ਫਰਵਰੀ-: ਅਕਾਲੀਆਂ ਤੇ ਕਾਂਗਰਸੀਆਂ ਨੂੰ ਸਿਆਸੀ ਪਿੜ ’ਚ ਮਾਤ ਦੇਣ ਮਗਰੋਂ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬੇਅਦਬੀ ਦੇ ਮੁੱਦੇ ’ਤੇ ਘਿਰਦੀ ਨਜ਼ਰ ਆ ਰਹੀ ਹੈ। ‘ਆਪ’ ਸਰਕਾਰ ਨੂੰ ਮੁਜ਼ਾਹਰਾਕਾਰੀਆਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਨਾਲ ਜੁੜੇ ਗੋਲੀ ਕਾਂਡ ਦੇ ਪੀੜਤਾਂ ਨੇ ਕਈ ਸਿੱਖ ਸੰਗਠਨਾਂ ਨਾਲ ਮਿਲ ਕੇ ਫਰੀਦਕੋਟ ਜ਼ਿਲ੍ਹੇ ਵਿਚੋਂ ਲੰਘਦਾ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਜਲਦੀ ਨਿਆਂ ਨਾ ਦਿੱਤਾ ਗਿਆ ਤਾਂ ਹੋਰ ਜਾਮ ਲਾਏ ਜਾਣਗੇ। ‘ਬੇਅਦਬੀ ਇਨਸਾਫ਼ ਮੋਰਚਾ’ ਦੇ ਬੈਨਰ ਹੇਠ ਹੋ ਰਹੇ ਰੋਸ ਮੁਜ਼ਾਹਰਿਆਂ ਵਿਚ ਪੁਲੀਸ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਤੁਰੰਤ ਦਾਖਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ ਖ਼ਿਲਾਫ਼ ਰੋਸ ਜ਼ਾਹਿਰ ਕਰਨ ਵਾਲਿਆਂ ’ਤੇ ਪੁਲੀਸ ਵੱਲੋਂ 2015 ਵਿਚ ਗੋਲੀ ਚਲਾਈ ਗਈ ਸੀ। ਇਹ ਘਟਨਾਵਾਂ ਬਹਿਬਲ ਕਲਾਂ ਤੇ ਕੋਟਕਪੂਰਾ ਵਿਚ ਵਾਪਰੀਆਂ ਸਨ। ਪੁਲੀਸ ਨੇ ਇਨ੍ਹਾਂ ਕੇਸਾਂ ਦੀ ਜਾਂਚ ਆਰੰਭੀ ਸੀ। ਹਾਲਾਂਕਿ ਮੁਜ਼ਾਹਰਾਕਾਰੀ ਦਸੰਬਰ 2021 ਤੋਂ ਬਹਿਬਲ ਕਲਾਂ ਵਿਚ ਧਰਨੇ ਉਤੇ ਬੈਠੇ ਹਨ, ਪਰ ਹੁਣ ਉਨ੍ਹਾਂ ਦੇ ਕੌਮੀ ਮਾਰਗ ’ਤੇ ਆਉਣ ਨਾਲ ਸੰਘਰਸ਼ ਤਿੱਖਾ ਹੋ ਗਿਆ ਹੈ। ‘ਆਪ’ ਲਈ ਮੁਸੀਬਤਾਂ ਵਿਚ ਉਦੋਂ ਵਾਧਾ ਹੋਇਆ ਜਦ ਪਾਰਟੀ ਦੇ ਹੀ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਤਿੰਨ ਦਿਨ ਪਹਿਲਾਂ ਧਰਨਾਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਨਿਆਂ ਵਿਚ ਦੇਰੀ ’ਤੇ ਨਿਰਾਸ਼ਾ ਜਤਾਈ। ਕੁਝ ਰਿਪੋਰਟਾਂ ਮੁਤਾਬਕ ‘ਆਪ’ ਵਿਧਾਇਕ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਆਸ ਨਹੀਂ ਹੈ ਕਿ ਪੁਲੀਸ ਗੋਲੀਬਾਰੀ ਤੇ ਬੇਅਦਬੀ ਦੇ ਜ਼ਿੰਮੇਵਾਰਾਂ ਨੂੰ ਕਦੇ ਸਜ਼ਾ ਮਿਲ ਸਕੇਗੀ। 

ਵਿਜੈ ਪ੍ਰਤਾਪ ਨੇ ਹਾਲ ਹੀ ਵਿਚ ਇਸ ਮਾਮਲੇ ਵਿਚ ਵਿਧਾਨ ਸਭਾ ਦੀ ਇਕ ਕਮੇਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਬਹਿਬਲ ਕਲਾਂ ਵਿਚ ਪੁਲੀਸ ਗੋਲੀਬਾਰੀ (2015) ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਦਾ ਪੁੱਤਰ ਸੁਖਰਾਜ ਸਿੰਘ ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਿਹਾ ਹੈ। ਸੁਖਰਾਜ ਨੇ ਕਿਹਾ ਕਿ ਕਾਂਗਰਸੀਆਂ ਤੇ ਅਕਾਲੀਆਂ ਵਾਂਗ ‘ਆਪ’ ਸਰਕਾਰ ਵੀ ਸਿਰਫ਼ ਦੇਰੀ ਹੀ ਕਰ ਰਹੀ ਹੈ, ਤੇ ਨਿਆਂ ਦੇਣ ਪ੍ਰਤੀ ਗੰਭੀਰ ਨਹੀਂ ਜਾਪਦੀ। ਉਨ੍ਹਾਂ ਕਿਹਾ ਕਿ ਇਸੇ ਮੁੱਦੇ ’ਤੇ ਹੀ ਰਾਜ ਦੇ ਵੋਟਰ ‘ਆਪ’ ਦੇ ਹੱਕ ਵਿਚ ਹੋਏ ਸਨ। ਇਸੇ ਦੌਰਾਨ ਕੋਟਕਪੂਰਾ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ‘ਸਿਟ’ ਨੇ ਅੱਜ ਕਿਹਾ ਕਿ ਜਾਂਚ ਕਾਫ਼ੀ ਹੱਦ ਤੱਕ ਮੁਕੰਮਲ ਹੋ ਗਈ ਹੈ। ਜਾਂਚ ਟੀਮ ਨੇ ਲੋਕਾਂ ਨੂੰ ਵੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ। ਸੁਖਰਾਜ ਨੇ ਕਿਹਾ ਕਿ ਜਦ ਵੀ ਉਹ ਮੁਜ਼ਾਹਰਾ ਤਿੱਖਾ ਕਰਦੇ ਹਨ, ‘ਸਿਟ’ ਦੇ ਮੈਂਬਰ ਇਸ ਤਰ੍ਹਾਂ ਦਾ ਬਿਆਨ ਜਾਰੀ ਕਰਦੇ ਹਨ ਜਾਂ ਅਪਰਾਧ ਵਾਲੀ ਥਾਂ ਦਾ ਦੌਰਾ ਕਰਦੇ ਹਨ।

Add a Comment

Your email address will not be published. Required fields are marked *