ਭਾਰਤੀ-ਅਮਰੀਕੀ ਮੰਚ ਵੱਲੋਂ ਭਾਰਤੀ ਮਿਸ਼ਨ ਅਤੇ ਸੰਸਥਾਵਾਂ ‘ਚ ਭੰਨ-ਤੋੜ ਦੀਆਂ ਵਧਦੀਆਂ ਘਟਨਾਵਾਂ ਦੀ ਨਿੰਦਾ

ਵਾਸ਼ਿੰਗਟਨ – ਘੱਟੋ-ਘੱਟ 44 ਭਾਰਤੀ ਅਮਰੀਕੀ ਸੰਸਥਾਵਾਂ ਨੇ ਅਮਰੀਕਾ ਦੇ ਸਾਨ ਫਰਾਂਸਿਸਕੋ, ਬ੍ਰਿਟੇਨ ਦੇ ਲੰਡਨ ਅਤੇ ਆਸਟ੍ਰੇਲੀਆ ਦੇ ਬ੍ਰਿਸਬੇਨ ਵਿੱਚ ਸਥਿਤ ਭਾਰਤੀ ਡਿਪਲੋਮੈਟਿਕ ਮਿਸ਼ਨ ਉੱਤੇ ਹਾਲ ਹੀ ਵਿੱਚ ਹੋਏ ਹਮਲਿਆਂ ਅਤੇ ਵੱਖ-ਵੱਖ ਭਾਰਤੀ ਸੰਸਥਾਵਾਂ ਵਿੱਚ ਭੰਨ-ਤੋੜ ਦੀਆਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਮਾਮਲਿਆਂ ਕਾਰਨ ਭਾਈਚਾਰਾ ਡਰਿਆ ਹੋਇਆ ਅਤੇ ਦਹਿਸ਼ਤ ਵਿੱਚ ਹੈ। ‘ਇੰਡੀਅਨ ਡਾਇਸਪੋਰਾ ਅਗੇਂਸਟ ਹੇਟ’ ਦੇ ਬੈਨਰ ਹੇਠ ਦੇਸ਼ ਭਰ ਵਿੱਚ ਵਿਭਿੰਨ ਸੱਭਿਆਚਾਰਕ, ਭਾਸ਼ਾਈ ਅਤੇ ਧਾਰਮਿਕ ਪਿਛੋਕੜ ਵਾਲੇ ਕਈ ਉੱਘੇ ਭਾਰਤੀ-ਅਮਰੀਕੀਆਂ ਅਤੇ ਸੰਗਠਨਾਂ ਨੇ ਇਕ ਦਸਤਖਤ ਕੀਤਾ ਪੱਤਰ ਜਾਰੀ ਕਰਕੇ ਹਿੰਸਕ ਹਮਲਿਆਂ ਦੀ ਨਿੰਦਾ ਕੀਤੀ ਹੈ।

ਇਸ ਪੱਤਰ ਵਿੱਚ, ਉਨ੍ਹਾਂ ਨੇ ਮਿਉਂਸਪਲ ਅਧਿਕਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਭਾਰਤੀ-ਅਮਰੀਕੀ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਪਿਛਲੇ ਮਹੀਨੇ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ‘ਤੇ ਹਮਲਾ ਕਰਕੇ ਉਸ ਨੂੰ ਨੁਕਸਾਨ ਪਹੁੰਚਾਇਆ ਸੀ। ਭਾਰਤੀ-ਅਮਰੀਕੀਆਂ ਵੱਲੋਂ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਕੱਟੜਪੰਥੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਖਾਲਿਸਤਾਨ ਪੱਖੀ ਝੰਡੇ ਅਤੇ ਬੈਨਰ ਲੈ ਕੇ ਪ੍ਰਦਰਸ਼ਨਕਾਰੀਆਂ ਦਾ ਇੱਕ ਸਮੂਹ ਪਿਛਲੇ ਮਹੀਨੇ ਲੰਡਨ ਦੇ ਪਾਰਲੀਮੈਂਟ ਸਕੁਏਅਰ ਵਿੱਚ ਇਕੱਠਾ ਹੋਇਆ ਸੀ।

ਵੱਖ-ਵੱਖ ਸ਼ਹਿਰਾਂ ਅਤੇ ਭੂਗੋਲਿਕ ਸਥਾਨਾਂ ਦੇ ਭਾਰਤੀ-ਅਮਰੀਕੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਸੰਸਥਾਵਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਨਾਗਰਿਕਾਂ ਨੂੰ ਨਫ਼ਰਤ ਫੈਲਾਉਣ ਵਾਲੇ ਸਮੂਹਾਂ ਤੋਂ ਸੁਚੇਤ ਰਹਿਣ ਅਤੇ ਉਨ੍ਹਾਂ ਦੇ ਬਾਰੇ ਵਿਚ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਅਮਰੀਕਾ ਦੇ ਗ੍ਰਹਿ ਮੰਤਰਾਲਾ ਅਤੇ ਨਿਆਂ ਵਿਭਾਗ ਨੂੰ ਕੱਟੜਪੰਥੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ, ਨਫ਼ਰਤੀ ਹਮਲਿਆਂ ਨੂੰ ਰੋਕਣ ਅਤੇ ਨਫ਼ਰਤ ਫੈਲਾਉਣ ਵਾਲੇ ਅਪਰਾਧੀਆਂ ਵਿਰੁੱਧ ਨਿਰਣਾਇਕ ਕਾਰਵਾਈ ਕਰਨ ਦੀ ਅਪੀਲ ਕੀਤੀ। ਕਾਰਡੀਓਲੋਜਿਸਟ ਅਤੇ ਭਾਈਚਾਰੇ ਦੇ ਨੇਤਾ ਡਾਕਟਰ ਰੋਮੇਸ਼ ਜਾਪਰਾ ਨੇ ਕਿਹਾ, “ਹਿੰਦੂ ਭਾਈਚਾਰੇ ਦੇ ਕਈ ਨੇਤਾਵਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿੱਚ ਮੇਰੇ ਨਿਵਾਸ ‘ਤੇ ਵੀ ਹਮਲਾ ਕੀਤਾ ਸੀ।”

ਸਮਾਜਿਕ ਕਾਰਕੁਨ ਮਧੂ ਐੱਚ ਨੇ ਕਿਹਾ, “ਖਾਲਿਸਤਾਨੀ ਕੱਟੜਪੰਥੀਆਂ ਦਾ ਹਿੰਸਾ ਦਾ ਲੰਮਾ ਪੁਰਾਣਾ ਅਤੇ ਦੁਖਦ ਇਤਿਹਾਸ ਹੈ। ਉਹ 1985 ਵਿੱਚ ਏਅਰ ਇੰਡੀਆ ਦੀ ਇੱਕ ਉਡਾਣ ਵਿੱਚ ਬੰਬ ਧਮਾਕੇ ਲਈ ਜ਼ਿੰਮੇਵਾਰ ਸਨ, ਜਿਸ ਵਿੱਚ 300 ਲੋਕਾਂ ਦੀ ਮੌਤ ਹੋ ਗਈ ਸੀ।’ ਇਸ ਪੱਤਰ ਵਿਚ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ‘ਤੇ ਹੋਏ ਹਮਲੇ ਦੀ ਨਿੰਦਾ ਸਬੰਧੀ ਅਮਰੀਕੀ ਵਿਦੇਸ਼ ਮੰਤਰਾਲਾ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਬਿਆਨਾਂ ਦਾ ਸਵਾਗਤ ਕੀਤਾ ਗਿਆ ਹੈ।

Add a Comment

Your email address will not be published. Required fields are marked *