ਯੂਕੇ: ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਿੰਗ ਪ੍ਰਕਿਰਿਆ ਵਿੱਚ ਦੇਰੀ

ਲੰਡਨ, 3 ਅਗਸਤ

ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਲਈ ਵੋਟਿੰਗ ਪ੍ਰਕਿਰਿਆ ’ਤੇ ਹੈਕਰਾਂ ਦਾ ਪਰਛਾਵਾਂ ਪੈ ਸਕਦਾ ਹੈ। ਸਾਈਬਰ ਹੈਕਰਾਂ ਵੱਲੋਂ ਮੈਂਬਰਾਂ ਦੇ ਬੈਲੇਟ ਬਦਲਣ ਦੇ ਖ਼ਤਰੇ ਕਾਰਨ ਵੋਟਿੰਗ ਪ੍ਰਕਿਰਿਆ ਨੂੰ ਅੱਗੇ ਪਾ ਦਿੱਤਾ ਗਿਆ ਹੈ। ਸਾਬਕਾ ਚਾਂਸਲਰ ਰਿਸ਼ੀ ਸੂਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰੱਸ ਵਿਚਕਾਰ ਪ੍ਰਧਾਨ ਮੰਤਰੀ ਅਹੁਦੇ ਲਈ ਸਖ਼ਤ ਮੁਕਾਬਲਾ ਹੈ। ‘ਦਿ ਡੇਲੀ ਟੈਲੀਗ੍ਰਾਫ਼’ ਮੁਤਾਬਕ ਕੌਮੀ ਸਾਈਬਰ ਸੁਰੱਖਿਆ ਸੈਂਟਰ ਨੇ ਕੰਜ਼ਰਵੇਟਿਵ ਪਾਰਟੀ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਮੈਂਬਰਾਂ ਨੂੰ ਵੋਟਿੰਗ ’ਚ ਬਦਲਾਅ ਦੀ ਇਜਾਜ਼ਤ ਦੇਣ ਬਾਰੇ ਵਿਚਾਰ ਕਰਨ। ਪਹਿਲਾਂ ਪੋਸਟਲ ਬੈਲੇਟ ਪੇਪਰ ਸੋਮਵਾਰ ਤੋਂ ਭੇਜੇ ਜਾਣੇ ਸਨ ਪਰ ਹੁਣ ਇਹ ਕੁਝ ਦਿਨਾਂ ਬਾਅਦ ਭੇਜੇ ਜਾ ਸਕਦੇ ਹਨ। ਕੌਮੀ ਸਾਈਬਰ ਸੁਰੱਖਿਆ ਸੈਂਟਰ ਦੇ ਤਰਜਮਾਨ ਨੇ ਕਿਹਾ ਕਿ ਆਨਲਾਈਨ ਵੋਟਿੰਗ ਨੂੰ ਹੈਕ ਕੀਤਾ ਜਾ ਸਕਦਾ ਹੈ ਅਤੇ ਉਹ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਜੋ ਨਿਰਪੱਖ ਢੰਗ ਨਾਲ ਵੋਟਿੰਗ ਪ੍ਰਕਿਰਿਆ ਨੇਪਰੇ ਚੜ੍ਹ ਸਕੇ। ਕੰਜ਼ਰਵੇਟਿਵ ਪਾਰਟੀ ਦੇ ਕਰੀਬ 180,000 ਮੈਂਬਰਾਂ ਵੱਲੋਂ ਇਸ ਵੋਟਿੰਗ ਪ੍ਰਕਿਰਿਆ ’ਚ ਹਿੱਸਾ ਲਏ ਜਾਣ ਦੀ ਉਮੀਦ ਹੈ। ਪਾਰਟੀ ਦੇ ਤਰਜਮਾਨ ਨੇ ਕਿਹਾ ਕਿ ਉਨ੍ਹਾਂ ਸੁਰੱਖਿਆ ਵਧਾ ਦਿੱਤੀ ਹੈ ਅਤੇ ਯੋਗ ਮੈਂਬਰਾਂ ਨੂੰ ਇਸ ਹਫ਼ਤੇ ਬੈਲੇਟ ਪੇਪਰ ਮਿਲਣੇ ਸ਼ੁਰੂ ਹੋ ਜਾਣਗੇ। ਪਹਿਲਾਂ ਪੋਸਟ ਜਾਂ ਆਨਲਾਈਨ ਢੰਗ ਨਾਲ ਵੋਟ ’ਚ ਬਦਲਾਅ ਕੀਤਾ ਜਾ ਸਕਦਾ ਸੀ ਪਰ ਹੁਣ ਇਸ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਗਿਆ ਹੈ। ਨਵੀਂ ਪ੍ਰਣਾਲੀ ਤਹਿਤ ਹਰੇਕ ਮੈਂਬਰ ਜਦੋਂ ਵੋਟ ਪਾਏਗਾ ਤਾਂ ਉਸ ਦਾ ਕੋਡ ਡੀਐਕਟੀਵੇਟ ਹੋ ਜਾਵੇਗਾ ਜਿਸ ਦਾ ਮਤਲਬ ਹੈ ਕਿ ਉਹ ਬਾਅਦ ’ਚ ਆਪਣਾ ਫ਼ੈਸਲਾ ਨਹੀਂ ਬਦਲ ਸਕੇਗਾ। ਵੋਟ ਦਰਜ ਕਰਾਉਣ ਦੀ ਆਖਰੀ ਤਰੀਕ 2 ਸਤੰਬਰ ਹੈ ਅਤੇ ਨਤੀਜਾ 5 ਸਤੰਬਰ ਨੂੰ ਐਲਾਨਿਆ ਜਾਵੇਗਾ। 

Add a Comment

Your email address will not be published. Required fields are marked *