ਮੇਹੁਲ ਚੋਕਸੀ ਨੂੰ ਡੋਮੀਨਿਕਾ ਦੀ ਅਦਾਲਤ ਤੋਂ ਮਿਲੀ ਰਾਹਤ

ਰੋਸਿਊ , 15 ਅਪਰੈਲ-: ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੋਮੀਨਿਕਾ ਦੇ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਬੈਂਕਾਂ ਨਾਲ 13 ਹਜ਼ਾਰ ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ’ਚ ਚੋਕਸੀ ਨੂੰ ਐਂਟਿਗਾ ਅਤੇ ਬਾਰਬੂਡਾ ’ਚੋਂ ਨਹੀਂ ਕੱਢਿਆ ਜਾ ਸਕਦਾ ਹੈ। ਚੋਕਸੀ ਨੇ ਆਪਣੀ ਅਰਜ਼ੀ ’ਚ ਦਾਅਵਾ ਕੀਤਾ ਸੀ ਕਿ ਉਸ ’ਤੇ ਗ਼ੈਰ-ਮਨੁੱਖੀ ਤਸ਼ੱਦਦ ਢਾਹਿਆ ਜਾ ਸਕਦਾ ਹੈ ਜਾਂ ਬੁਰੀ ਤੋਂ ਬੁਰੀ ਸਜ਼ਾ ਦਿੱਤੀ ਜਾ ਸਕਦੀ ਹੈ। ਉਸ ਨੇ ਆਪਣੀ ਦਲੀਲ ’ਚ ਕਿਹਾ ਕਿ ਐਂਟਿਗਾ ਦੇ ਅਟਾਰਨੀ ਜਨਰਲ ਅਤੇ ਪੁਲੀਸ ਮੁਖੀ ਨੂੰ ਦੋਸ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਉਹ ਇਸ ਅਧਿਕਾਰ ਦਾ ਹੱਕ ਰਖਦਾ ਹੈ। ਹਾਈ ਕੋਰਟ ਨੇ ਹੁਕਮ ਦਿੱਤੇ ਕਿ ਚੋਕਸੀ ਨੂੰ ਬਿਨਾਂ ਇਜਾਜ਼ਤ ਦੇ ਐਂਟਿਗਾ ਅਤੇ ਬਾਰਬੂਡਾ ’ਚੋਂ ਨਹੀਂ ਕੱਢਿਆ ਜਾ ਸਕਦਾ ਹੈ। ਸਾਰੀ ਕਾਨੂੰਨੀ ਚਾਰਾਜੋਈ ਮੁਕੰਮਲ ਹੋਣ ਤੱਕ ਉਸ ਖ਼ਿਲਾਫ਼ ਕਾਰਵਾਈ ਵੀ ਨਹੀਂ ਕੀਤੀ ਜਾ ਸਕਦੀ ਹੈ। ਚੋਕਸੀ ਨੇ ਦੋਸ਼ ਲਾਇਆ ਹੈ ਕਿ ਉਸ ਨੂੰ 23 ਮਈ, 2021 ਨੂੰ ਜਬਰੀ ਅਗਵਾ ਕੀਤਾ ਗਿਆ ਸੀ। ਅਦਾਲਤੀ ਹੁਕਮ ’ਚ ਕਿਹਾ ਗਿਆ ਹੈ ਕਿ ਡੋਮੀਨਿਕਨ ਪੁਲੀਸ ਨੂੰ ਇਸ ਦੀ ਜਾਂਚ ਕਰਨੀ ਪਵੇਗੀ ਕਿ ਚੋਕਸੀ ਨੂੰ ਜਬਰੀ ਅਗਵਾ ਕਰਕੇ ਐਂਟਿਗਾ ਅਤੇ ਬਾਰਬੂਡਾ ਖੇਤਰ ’ਚੋਂ ਕਿਉਂ ਹਟਾਇਆ ਗਿਆ ਸੀ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਕਾਰਵਾਈ ਦੇ ਕਾਰਨ ਦਾ ਖੁਲਾਸਾ ਕਰਨ ਵਾਲੀ ਕੋਈ ਜਾਇਜ਼ ਸ਼ਿਕਾਇਤ ਨਹੀਂ ਹੈ।  

Add a Comment

Your email address will not be published. Required fields are marked *