IMF ਚੀਫ ਬੋਲੀ-ਮਹਿੰਗਾਈ ਵਧਣ ਨਾਲ ਹੋਰ ਖਰਾਬ ਹੋ ਸਕਦੇ ਹਨ ਹਾਲਾਤ

ਨਵੀਂ ਦਿੱਲੀ – ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਮੁਖੀ ਕ੍ਰਿਸਟਾਲਿਨਾ ਜਾਰਜੀਵਾ ਨੇ ਭਾਰਤ ਦੀ ਵਿਕਾਸ ਦਰ ਨੂੰ ਲੈ ਕੇ ਬਿਹਤਰ ਉਮੀਦ ਪ੍ਰਗਟਾਈ ਹੈ। ਇਕ ਐਕਸਕਲੂਸਿਵ ਇੰਟਰਵਿਊ ’ਚ ਉਨ੍ਹਾਂ ਨੇ ਕਿਹਾ ਕਿ ਭਾਰਤ ਸਹੀ ਰਾਹ ’ਤੇ ਹੈ ਪਰ 2023 ’ਚ ਗਲੋਬਲ ਅਰਥਵਿਵਸਥਾ ਨੂੰ ਲੈ ਕੇ ਮੁੜ ਦੁਚਿੱਤੀ ਬਰਕਰਾਰ ਹੈ। ਫਿਲਹਾਲ ਇਸ ਗੱਲ ਦਾ ਅਨੁਮਾਨ ਲਗਾਉਣ ’ਚ ਜਲਦਬਾਜ਼ੀ ਹੋਵੇਗੀ ਕਿ ਕੀ ਸਾਨੂੰ 2023 ਵਿਚ ਵਿਆਜ ਦਰਾਂ ’ਚ ਵਾਧੇ ਦੇ ਬਾਵਜੂਦ ਰਾਹਤ ਮਿਲੇਗੀ। ਕੋਰੋਨਾ ਮਹਾਮਾਰੀ ਤੋਂ ਉਭਰਨ ਤੋਂ ਬਾਅਦ ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਕਾਰਨ ਦੁਨੀਆ ਭਰ ’ਚ ਮਹਿੰਗਾਈ ਵਧੀ ਹੈ।

ਯੂ. ਐੱਸ. ਫੈੱਡਰਲ ਰਿਜ਼ਰਵ ਲਗਾਤਾਰ ਇਸ ਸਾਲ ਵਿਆਜ ਦਰ ਵਧਾਉਂਦੇ ਆਇਆ ਹੈ ਅਤੇ ਉਮੀਦ ਹੈ ਕਿ ਮਹਿੰਗਾਈ ’ਤੇ ਕੰਟਰੋਲ ਪਾਉਣ ਲਈ ਅਗਲੇ ਸਾਲ ਵੀ ਇਹ ਸਿਲਸਿਲਾ ਜਾਰੀ ਰਹੇਗਾ। ਦੁਨੀਆ ਦੇ ਸਾਰੇ ਸੈਂਟਰਲ ਬੈਂਕ ਵਿਆਜ ਦਰਾਂ ’ਚ ਵਾਧੇ ਨੂੰ ਲੈ ਕੇ ਅਮਰੀਕੀ ਫੈੱਡਰਲ ਰਿਜ਼ਰਵ ਦੀਆਂ ਨੀਤੀਆਂ ਦੀ ਪਾਲਣਾ ਕਰਦੇ ਹਨ। ਆਈ. ਐੱਮ. ਐੱਫ. ਚੀਫ ਨੇ ਕਿਹਾ ਕਿ 2023 ਸਾਲ 2022 ਦੀ ਤੁਲਨਾ ’ਚ ਅਰਥਵਿਵਸਥਾ ਦੇ ਲਿਹਾਜ ਨਾਲ ਹੋਰ ਵੀ ਖਰਾਬ ਹੋ ਸਕਦਾ ਹੈ ਪਰ ਇਹ ਕਿੰਨਾ ਬੁਲਾਰ ਹੋਵੇਗਾ, ਇਹ ਉਨ੍ਹਾਂ ਫੈਕਟਰਸ ’ਤੇ ਨਿਰਭਰ ਕਰਦਾ ਹੈ, ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਹਾਂ। ਇਸ ਚੁਣੌਤੀ ਨਾਲ ਨਜਿੱਠਣ ਲਈ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।

‘ਅਰਥਵਿਵਸਥਾ ਦੇ ਮੋਰਚੇ ’ਤੇ ਭਾਰਤ ਦਾ ਪ੍ਰਦਰਸ਼ਨ ਬਿਹਤਰ’

ਉੱਥੇ ਹੀ ਭਾਰਤ ਦੀ ਅਰਥਵਿਵਸਥਾ ਅਤੇ ਵਿਕਾਸ ਦੀ ਰਫਤਾਰ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਸ ਮੋਰਚੇ ’ਤੇ ਭਾਰਤ ਦਾ ਪ੍ਰਦਰਸ਼ਨ ਤਿਮਾਹੀ-ਦਰ-ਤਿਮਾਹੀ ਬਿਹਤਰ ਰਿਹਾ ਹੈ ਪਰ ਕੁੱਝ ਖੇਤਰੀ ਕਾਰਨਾਂ ਕਰ ਕੇ ਹੁਣ ਵੀ ਥੋੜਾ ਕਮਜ਼ੋਰ ਹੈ। ਉਨ੍ਹਾਂ ਨੇ ਅਨੁਮਾਨ ਲਗਾਇਆ ਕਿ ਅਗਲੇ ਸਾਲ ਫਸਲਾਂ ਦੇ ਘੱਟ ਉਤਪਾਦਨ ਨਾਲ ਅਨਾਜ ਕੀਮਤਾਂ ’ਤੇ ਕਾਫੀ ਅਸਰ ਪੈ ਸਕਦਾ ਹੈ। ਮਹਾਮਾਰੀ ਦੌਰਾਨ ਅਤੇ ਇਸ ਤੋਂ ਬਾਅਦ ਵਿੱਤੀ ਖਜ਼ਾਨੇ ’ਤੇ ਪ੍ਰਭਾਵ ਪਿਆ ਹੈ ਜੋ ਔਖੇ ਹਾਲਾਤਾਂ ਦਾ ਨਿਰਮਾਣ ਕਰਦੇ ਹਨ, ਇਸ ਲਈ ਅਹਿਮ ਹੈ ਕਿ ਮਹਿੰਗਾਈ ਨਾਲ ਜੁੜੀਆਂ ਚੁਣੌਤੀਆਂ ਨੂੰ ਲੈ ਕੇ ਦੁਨੀਆ ਮੌਜੂਦਾ ਹਾਲਾਤ ਦੇ ਬਾਵਜੂਦ ਇਕੱਠੇ ਆਉਣ।

‘ਕ੍ਰਿਪਟੋ ਕਰੰਸੀ ਨੂੰ ਰੈਗੂਲੇਟ ਕਰਨ ਦੀ ਲੋੜ’

ਉਨ੍ਹਾਂ ਨੇ ਕਿਹਾ ਕਿ ਭਾਰਤ ਸੁਧਾਰਾਂ ਦੇ ਮਾਮਲੇ ’ਚ ਇਕ ਬਿਹਤਰ ਮੁਕਾਮ ’ਤੇ ਹੈ। ਭਾਰਤ ਅਸਲ ’ਚ ਕੌਮਾਂਤਰੀ ਮੰਚ ’ਤੇ ਆਪਣੀ ਵੱਡੀ ਭੂਮਿਕਾ ਲਈ ਤਿਆਰ ਹੈ ਕਿਉਂਕਿ ਇਹ ਜੀ20 ਦੀ ਪ੍ਰਧਾਨਗੀ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਕ ਚੁਣੌਤੀਪੂਰਨ ਸਮੇਂ ’ਚ ਇਹ ਕੰਮ ਸੰਭਾਲ ਰਿਹਾ ਹੈ ਕਿਉਂਕਿ ਉਹ ਸੁਧਾਰਾਂ ਨੂੰ ਲੈ ਕੇ ਗੰਭੀਰ ਹੈ।

Add a Comment

Your email address will not be published. Required fields are marked *