ਇਹ ਸ਼ਰਮਨਾਕ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਣੀਪੁਰ ਤੋਂ ਜ਼ਿਆਦਾ ਇਜ਼ਰਾਇਲ ਦੀ ਚਿੰਤਾ : ਰਾਹੁਲ ਗਾਂਧੀ

ਆਈਜੋਲ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮਣੀਪੁਰ ਤੋਂ ਜ਼ਿਆਦਾ ਇਜ਼ਰਾਇਲ ਦੀਆਂ ਘਟਨਾਵਾਂ ਤੋਂ ਚਿੰਤਤ ਹਨ। ਮਣੀਪੁਰ ‘ਚ ਇਸ ਸਾਲ ਮਈ ਤੋਂ ਹੀ ਜਾਤੀ ਸੰਘਰਸ਼ ਕਾਰਨ ਹਿੰਸਕ ਘਟਨਾਵਾਂ ਹੋ ਰਹੀਆਂ ਹਨ। ਕਾਂਗਰਸ ਨੇਤਾ ਰਾਹੁਲ ਨੇ ਸ਼ਹਿਰ ਦੀਆਂ ਸੜਕਾਂ ‘ਤੇ 2 ਕਿਲੋਮੀਟਰ ਦੀ ਪੈਦਲ ਯਾਤਰਾ ਤੋਂ ਬਾਅਦ ਆਈਜੋਲ ‘ਚ ਰਾਜਭਵਨ ਨੇੜੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਆਂਢੀ ਮਣੀਪੁਰ ਹੁਣ ਇਕ ਸੰਗਠਤਿ ਰਾਜ ਨਹੀਂ ਰਹਿ ਗਿਆ ਹੈ ਸਗੋਂ ਜਾਤੀ ਆਧਾਰ ‘ਤੇ 2 ਸੂਬਿਆਂ ‘ਚ ਵੰਡ ਚੁੱਕਿਆ ਹੈ। ਚੋਣ ਰਾਜ ਮਿਜ਼ੋਰਮ ਦੀ 2 ਦਿਨਾ ਯਾਤਰਾ ‘ਤੇ ਪੁੱਜੇ ਰਾਹੁਲ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕਾਂਗਰਸ ਨੇ 1986 ‘ਚ ਸ਼ਾਂਤੀ ਸਮਝੌਤੇ ‘ਤੇ ਦਸਤਖ਼ਤ ਕਰ ਕੇ ਅੱਤਵਾਦੀ ਹਿੰਸਾ ਤੋਂ ਪ੍ਰਭਾਵਿਤ ਪੂਰਬ-ਉੱਤਰ ਰਾਜ ‘ਚ ਸ਼ਾਂਤੀ ਬਹਾਲੀ ਦਾ ਮਾਰਗ ਪੱਕਾ ਕੀਤਾ ਸੀ। ਉਨ੍ਹਾਂ ਕਿਹਾ,”ਮੇਰੇ ਲਈ ਇਹ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੂੰ ਇਜ਼ਰਾਇਲ ‘ਚ ਜੋ (ਇਜ਼ਰਾਇਲ-ਹਮਾਸ ਸੰਘਰਸ਼) ਹੋ ਰਿਹਾ ਹੈ ਉਸ ‘ਚ ਇੰਨੀ ਜ਼ਿਆਦਾ ਦਿਲਚਸਪੀ ਹੈ ਪਰ ਮਣੀਪੁਰ ‘ਚ ਕੀ ਹੋ ਰਿਹਾ ਹੈ, ਉਸ ਦੀ ਕੋਈ ਚਿੰਤਾ ਨਹੀਂ। ਮਣੀਪੁਰ ‘ਚ ਲੋਕਾਂ ਦਾ ਕਤਲ ਕੀਤਾ ਗਿਆ, ਔਰਤਾਂ ਦਾ ਸ਼ੋਸ਼ਣ ਕੀਤਾ ਗਿਆ ਅਤੇ ਬੱਚਿਆਂ ਨੂੰ ਮਾਰ ਦਿੱਤਾ ਗਿਆ।”

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੋਸ਼ ਲਾਇਆ ਕਿ ਇਹ ਸ਼ਰਮ ਦੀ ਗੱਲ ਹੈ ਕਿ ਮਣੀਪੁਰ ਵਿਚ ਜੋ ਹੋਇਆ ਉਸ ਤੋਂ ਬਾਅਦ ਵੀ ਸਾਡੇ ਦੇਸ਼ ਦੇ ਆਗੂ ਉੱਥੇ ਨਹੀਂ ਗਏ। ਉਨ੍ਹਾਂ ਕਿਹਾ ਕਿ ਮਣੀਪੁਰ ਸਮੱਸਿਆ ਦਾ ਇਕ ਲੱਛਣ ਹੈ ਅਤੇ ਅਜਿਹੀਆਂ ਸਮੱਸਿਆਂ ਦੇਸ਼ ਦੇ ਕਈ ਵੱਖ-ਵੱਖ ਹਿੱਸਿਆਂ ‘ਚ ਛੋਟੇ ਰੂਪਾਂ ਵਿਚ ਵੇਖੀਆਂ ਜਾ ਸਕਦੀਆਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ, ਆਦਿਵਾਸੀ ਅਤੇ ਦਲਿਤ ਭਾਈਚਾਰੇ ਦੇ ਲੋਕ ਅਸਹਿਜ ਮਹਿਸੂਸ ਕਰ ਰਹੇ ਹਨ। ਮਿਜ਼ੋਰਮ ਵਿਧਾਨ ਸਭਾ ਲਈ ਚੋਣਾਂ 7 ਨਵੰਬਰ ਨੂੰ ਇਕੋ ਪੜਾਅ ਵਿਚ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। ਕਾਂਗਰਸ ਨੇ ਚੋਣਾਂ ਲਈ 39 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਲਾਲਸਾਵਤਾ ਨੂੰ ਆਈਜ਼ੌਲ ਪੱਛਮੀ-3 (ਐੱਸ.ਟੀ.) ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਭਾਰਤ ਦੇ ਸੰਕਲਪ ‘ਤੇ ਹਮਲਾ ਕਰ ਰਹੀ ਹੈ। ਉਨ੍ਹਾਂ ਕਿਹਾ,”ਭਾਰਤ ਦਾ ਸੰਕਲਪ ਇਕ-ਦੂਜੇ ਦਾ ਸਨਮਾਨ ਕਰਨਾ, ਸਹਿਣਸ਼ੀਲ ਬਣਨ, ਇਕ-ਦੂਜੇ ਦੇ ਵਿਚਾਰਾਂ, ਧਰਮਾਂ ਅਤੇ ਭਾਸ਼ਾਵਾਂ ਤੋਂ ਸਿੱਖਣਾ ਦਾ ਹੈ… ਇਹੀ ਭਾਰਤ ਦਾ ਸੰਕਲਪ ਹੈ ਜਿਸ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਹਮਲਾ ਕਰ ਰਹੀ ਹੈ। ਉਹ ਦੇਸ਼ ਵਿਚ ਨਫ਼ਰਤ ਅਤੇ ਹਿੰਸਾ ਫੈਲਾਉਂਦੇ ਹਨ। ਉਹ ਹੰਕਾਰ ਅਤੇ ਆਪਸੀ ਸਮਝ ਦੀ ਘਾਟ ਦਾ ਰਵੱਈਆ ਫੈਲਾਉਂਦੇ ਹਨ ਜੋ ਪੂਰੀ ਤਰ੍ਹਾਂ ਭਾਰਤ ਦੀ ਧਾਰਨਾ ਦੇ ਵਿਰੁੱਧ ਹੈ।”

Add a Comment

Your email address will not be published. Required fields are marked *