ਅਜਨਾਲਾ ਥਾਣੇ ’ਚ ਕੱਟੜਪੰਥੀ ਜਬਰੀ ਦਾਖ਼ਲ, ਝੜਪ ’ਚ ਐੱਸਪੀ ਸਮੇਤ ਕਈ ਜਵਾਨ ਜ਼ਖ਼ਮੀ

ਅਜਨਾਲਾ, 23 ਫਰਵਰੀ-: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਹਥਿਆਰਬੰਦ ਸਮਰਥਕਾਂ ਦੀ ਅੱਜ ਅਜਨਾਲਾ ’ਚ ਪੁਲੀਸ ਨਾਲ ਝੜਪ ਹੋ ਗਈ। ਪ੍ਰਦਰਸ਼ਨਕਾਰੀ ਥਾਣੇ ਅੰਦਰ ਜਬਰੀ ਦਾਖ਼ਲ ਹੋ ਗਏ ਜਿਸ ਕਾਰਨ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਖਾਲਿਸਤਾਨ ਪੱਖੀ ਨਾਅਰੇ ਲਗਾਉਂਦਿਆਂ ਕੱਟੜਪੰਥੀਆਂ ਨੇ ਮੰਗ ਕੀਤੀ ਕਿ ਮੁਲਜ਼ਮ ਲਵਪ੍ਰੀਤ ਸਿੰਘ ਉਰਫ਼ ਤੂਫਾਨ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਸ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਧਰਨਾ ਦੇਣਗੇ। ਅਜਨਾਲਾ ਪੁਲੀਸ ਨੇ ਛੇ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਅਤੇ ਸਮਰਥਕਾਂ ਖ਼ਿਲਾਫ਼ ਚਮਕੌਰ ਸਾਹਿਬ ਦੇ ਵਸਨੀਕ ਵਰਿੰਦਰ ਸਿੰਘ ਨੂੰ ਅਗਵਾ ਕਰਕੇ ਉਸ ਨੂੰ ਕੁੱਟਣ ਦਾ ਕੇਸ ਦਰਜ ਕੀਤਾ ਸੀ।

ਬਾਅਦ ’ਚ ਪੁਲੀਸ ਪ੍ਰਸ਼ਾਸਨ ਨਾਲ ਬਣੀ ਸਹਿਮਤੀ ’ਚ ਲਵਪ੍ਰੀਤ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤੇ ਜਾਣ ਮਗਰੋਂ ਧਰਨਾ ਖ਼ਤਮ ਕਰ ਦਿੱਤਾ ਗਿਆ। ਅੱਜ ਸਵੇਰੇ ਤੋਂ ਹੀ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਦੀ ਅਗਵਾਈ ਹੇਠ ਪੂਰਾ ਅਜਨਾਲਾ ਸ਼ਹਿਰ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕੱਟੜਪੰਥੀ ਡਾਂਗਾਂ, ਸੋਟਿਆਂ ਅਤੇ ਹੋਰ ਹਥਿਆਰਾਂ ਨਾਲ ਉਥੇ ਪਹੁੰਚ ਗਏ। ਕਾਫਲੇ ਦੀ ਅਗਵਾਈ ਗੁਰੁ ਗ੍ਰੰਥ ਸਾਹਿਬ ਦੀ ਪਾਲਕੀ ਵਾਲੀ ਗੱਡੀ ਕਰ ਰਹੀ ਸੀ। ਕਾਫਲਾ ਸ਼ਹਿਰ ਅੰਦਰ ਦਾਖ਼ਲ ਹੋਇਆ ਤਾਂ ਜੋਸ਼ ਵਿੱਚ ਆਏ ਨੌਜਵਾਨਾਂ ਨੇ ਪੁਲੀਸ ਵੱਲੋਂ ਰਸਤੇ ਵਿੱਚ ਲਗਾਏ ਬੈਰੀਕੇਡ ਹਟਾ ਦਿੱਤੇ। ਇਸ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪ ਵੀ ਹੋਈ ਅਤੇ ਐੱਸਪੀ ਜੁਗਰਾਜ ਸਿੰਘ ਤੇ ਹੋਰ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਸ਼ਹਿਰ ’ਚ ਹਾਲਾਤ ਪੂਰੇ ਤਣਾਅ ਵਾਲੇ ਬਣ ਗਏ ਸਨ। ਆਈਜੀ ਜਸਕਰਨ ਸਿੰਘ, ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ, ਐੱਸਡੀਐੱਮ ਰਾਜੇਸ਼ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਲੰਬੀ ਮੀਟਿੰਗ ਉਪਰੰਤ ਦੋਹਾਂ ਧਿਰਾਂ ਦਰਮਿਆਨ ਆਪਸੀ ਸਹਿਮਤੀ ਬਣੀ ਜਿਸ ਮਗਰੋਂ ਧਰਨਾ ਖ਼ਤਮ ਕਰ ਦਿੱਤਾ ਗਿਆ। ਐੱਸਐੱਸਪੀ (ਅੰਮ੍ਰਿਤਸਰ ਦਿਹਾਤੀ) ਨੇ ਦੱਸਿਆ ਕਿ ਜੋ ਵੀ ਪੱਖ ਰੱਖਿਆ ਗਿਆ, ਉਸ ਨੂੰ ਵਿਚਾਰਨ ਮਗਰੋਂ ਜੇਲ੍ਹ ’ਚ ਬੰਦ ਲਵਪ੍ਰੀਤ ਸਿੰਘ ਉਰਫ਼ ਤੂਫਾਨ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਸ ਨੂੰ ਭਲਕੇ ਰਿਹਾਅ ਕਰ ਦਿੱਤਾ ਜਾਵੇਗਾ। ਝੜਪ ’ਚ ਪੁਲੀਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁਲੀਸ ਨਾਲ ਟਕਰਾਅ ਦਾ ਕੋਈ ਮੰਤਵ ਨਹੀਂ ਹੈ ਅਤੇ ਉਹ ਝੂਠੇ ਪਰਚੇ ਰੱਦ ਕਰਵਾਉਣ ਲਈ ਆਏ ਹਨ। ਉਨ੍ਹਾਂ ਦੱਸਿਆ ਕਿ ਥਾਣੇ ਅੰਦਰ ਧਰਨਾ ਭਾਵੇਂ ਖਤਮ ਕਰ ਦਿੱਤਾ ਗਿਆ ਹੈ ਪਰ ਉਹ ਚਾਹਵਾਨ ਸੰਗਤ ਨੂੰ ਅੰਮ੍ਰਿਤਪਾਨ ਕਰਵਾ ਕੇ ਭਲਕੇ ਜੇਲ੍ਹ ਵਿੱਚ ਬੰਦ ਸਾਥੀ ਨੂੰ ਰਿਹਾਅ ਕਰਵਾ ਕੇ ਆਪਣੇ ਨਾਲ ਲਿਜਾਣਗੇ।

Add a Comment

Your email address will not be published. Required fields are marked *