ਛੇਤੀ ਹੀ ਰਾਹੁਲ ਗਾਂਧੀ ਦੀ ਸੰਸਦ ਵਿੱਚ ਵਾਪਸੀ ਹੋਵੇਗੀ: ਖੁਰਸ਼ੀਦ

ਨਵੀਂ ਦਿੱਲੀ, 28 ਮਾਰਚ-: ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਨੂੰ ਅਯੋਗ ਠਹਿਰਾਏ ਜਾਣ ਸਬੰਧੀ ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਗਾਂਧੀ ਕਾਨੂੰਨੀ ਪ੍ਰਕਿਰਿਆ ਰਾਹੀਂ ਬਹੁਤ ਛੇਤੀ ਸੰਸਦ ਵਿੱਚ ਦੁਬਾਰਾ ਨਜ਼ਰ ਆਉਣਗੇ। ਇਸ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਸਾਬਕਾ ਕਾਨੂੰਨ ਮੰਤਰੀ ਨੇ ਕਿਹਾ ਕਿ ਕਾਨੂੰਨਘਾੜਿਆਂ ਨੂੰ ਅਯੋਗ ਠਹਿਰਾਏ ਜਾਣ ਦੇ ਕਾਨੂੰਨ ਵਿੱਚ ਬਦਲਾਅ ਜ਼ਰੂਰੀ ਸਨ। ਉਨ੍ਹਾਂ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਕਿੰਨੀ ਕੁ ਆਜ਼ਾਦੀ ਹੋਣੀ ਚਾਹੀਦੀ ਹੈ। ਇਸ ਮਸਲੇ ਨੂੰ ਵਿਚਾਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਾਂਧੀ ਨੂੰ ਅਯੋਗ ਠਹਿਰਾਉਣ ਦਾ ਮਸਲਾ ਬੇਹੱਦ ਨਾਜ਼ੁਕ ਹੈ। ਇਹ ਚਾਰ ਦਹਾਕਿਆਂ ਪਹਿਲਾਂ ਲੋਕ ਸਭਾ ਤੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅਯੋਗ ਠਹਿਰਾਏ ਜਾਣ ਨਾਲ ਮਿਲਦਾ-ਜੁਲਦਾ ਹੈ। ਉਨ੍ਹਾਂ ਕਿਹਾ,‘ਜਦੋਂ ਅਸੀਂ ਭਾਜਪਾ ਤੇ ਇਸ ਦੀ ਕੇਂਦਰ ਵਿਚਲੀ ਸਰਕਾਰ ਦਾ ਸਫਾਇਆ ਨਹੀਂ ਕਰ ਦਿੰਦੇ, ਅਸੀਂ ਆਪਣੀ ਜੰਗ ਜਾਰੀ ਰੱਖਾਂਗੇ। ਰਾਹੁਲ ਗਾਂਧੀ ਨੂੰ ਅਯੋਗ ਠਹਿਰਾਏ ਜਾਣ ਮਗਰੋਂ ਵਿਰੋਧੀ ਧਿਰਾਂ ਵੱਲੋਂ ਇਕਜੁਟਤਾ ਦਿਖਾਉਣ ਸਬੰਧੀ ਪੁੱਛੇ ਜਾਣ ’ਤੇ ਖੁਰਸ਼ੀਦ ਨੇ ਕਿਹਾ,‘ਇਸ ਮੁੱਦੇ ’ਤੇ ਵਿਰੋਧੀ ਪਾਰਟੀਆਂ ਦਾ ਇਕਮੱਤ ਹੋਣਾ ਸ਼ੁੱਭ ਸ਼ਗਨ ਹੈ। ਅਸੀਂ ਉਨ੍ਹਾਂ ਦੀ ਸ਼ਲਾਘਾ ਕਰਦੇ ਹਾਂ।’

Add a Comment

Your email address will not be published. Required fields are marked *