ਭਾਰਤ ਜੋੜੋ ਯਾਤਰਾ: ਜੰਮੂ ਕਸ਼ਮੀਰ ’ਚ ਖਰਾਬ ਮੌਸਮ ਕਾਰਨ ਦੂਜਾ ਪੜਾਅ ਰੱਦ

ਬਨਿਹਾਲ ਕਸਬੇ ਤੋਂ ਸ਼ੁਰੂ ਹੋਣ ਵਾਲੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ’ ਯਾਤਰਾ ਦੇ ਦੂਜੇ ਪੜਾਅ ਨੂੰ ਅੱਜ ਖਰਾਬ ਮੌਸਮ ਤੇ ਕੁਝ ਥਾਵਾਂ ’ਤੇ ਢਿੱਗਾਂ ਡਿੱਗਣ ਕਰਕੇ ਰੱਦ ਕਰ ਦਿੱਤਾ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਦਰਮਿਆਨ ਗਾਂਧੀ ਨੇ ਅੱਜ ਸਵੇਰੇ ਰਾਮਬਨ ਤੋਂ ਪੈਦਲ ਮਾਰਚ ਆਰੰਭ ਕਰਨਾ ਸੀ, ਪਰ ਖਰਾਬ ਮੌਸਮ ਕਰਕੇ ਯਾਤਰਾ ਨੂੰ ਅੱਜ ਲਈ ਮੁਅੱਤਲ ਕਰ ਦਿੱਤਾ ਗਿਆ। ਭਲਕੇ 26 ਜਨਵਰੀ ਆਰਾਮ ਦਾ ਦਿਨ ਹੋਣ ਕਰਕੇ ਯਾਤਰਾ ਹੁਣ ਸ਼ੁੱਕਰਵਾਰ ਨੂੰ ਅਗਲੇ ਪੜਾਅ ਲਈ ਰਵਾਨਾ ਹੋਵੇਗੀ।

ਰਾਮਬਨ ਤੋਂ ਬਨਿਹਾਲ ਤੱਕ ਦਾ ਪੈਂਡਾ ਸਭ ਤੋਂ ਚੁਣੌਤੀਪੂਰਨ ਹੈ। ਇਹ ਕਸ਼ਮੀਰ ਨੂੰ ਬਾਕੀ ਭਾਰਤ ਨਾਲ ਜੋੜਦੇ 270 ਕਿਲੋਮੀਟਰ ਲੰਮੇ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਦੇ ਨਾਲ ਨਾਲ ਜਾਂਦਾ ਹੈ। ਪੰਥਿਆਲ, ਮੇਹਰ ਤੇ ਮਗਰਕੋਟ ਵਿਚ ਅਕਸਰ ਪਹਾੜਾਂ ਤੋਂ ਢਿੱਗਾਂ ਖਿਸਕਦੀਆਂ ਹਨ। ਰਾਮਬਨ ਜ਼ਿਲ੍ਹੇ ਵਿੱਚ ਅੱਜ ਸਵੇਰੇ ਭਾਰੀ ਮੀਂਹ ਮਗਰੋਂ ਕੁਝ ਥਾਵਾਂ ’ਤੇ ਢਿੱਗਾਂ ਡਿੱਗਣ ਕਰਕੇ ਹਾਈਵੇਅ ’ਤੇ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਈਵੇਅ ’ਤੇ ਵਾਪਰੇ ਹਾਦਸੇ ਵਿਚ ਇਕ ਡਰਾਈਵਰ ਦੀ ਜਾਨ ਜਾਂਦੀ ਰਹੀ ਤੇ ਦੋ ਹੋਰ ਜ਼ਖ਼ਮੀ ਹੋ ਗਏ।

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘‘ਖਰਾਬ ਮੌਸਮ ਤੇ ਖੇਤਰ ਵਿੱਚ ਢਿੱਗਾਂ ਡਿੱਗਣ ਕਰਕੇ ਰਾਮਬਨ ਤੇ ਬਨਿਹਾਲ ਵਿੱਚ ਭਾਰਤ ਜੋੜੋ ਯਾਤਰਾ ਦੇ ਬਾਅਦ ਦੁਪਹਿਰ ਸ਼ੁਰੂ ਹੋਣ ਵਾਲੇ ਪੜਾਅ ਨੂੰ ਰੱਦ ਕਰ ਦਿੱਤਾ ਗਿਆ ਹੈ। ਭਲਕੇ ਆਰਾਮ ਦਾ ਦਿਨ ਹੈ ਤੇ ਯਾਤਰਾ ਹੁਣ ਸ਼ੁੱਕਰਵਾਰ 27 ਜਨਵਰੀ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।’’ ਇਸ ਤੋਂ ਪਹਿਲਾਂ ਅੱਜ ਸਵੇਰੇ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤਰਜਮਾਨ ਜਹਾਨਜ਼ੈਬ ਸਿਰਵਾਲ ਨੇ ਕਿਹਾ ਸੀ ਕਿ ਇਕ ਘੰਟੇ ਦੀ ਦੇਰੀ ਮਗਰੋਂ ਯਾਤਰਾ ਸਵੇਰੇ 9 ਵਜੇ ਬਾਠੀ ਤੋਂ ਸ਼ੁਰੂ ਹੋ ਗਈ ਹੈ। ਗਾਂਧੀ, ਜਿਨ੍ਹਾਂ ਆਪਣੀ ਟਰੇਡਮਾਰਕ ਸਫ਼ੇਦ ਟੀ-ਸ਼ਰਟ ਪਾਈ ਹੋਈ ਸੀ, ਮਗਰੋਂ ਕਾਲੇ ਰੇਨਕੋਟ ਵਿੱਚ ਨਜ਼ਰ ਆੲੇ। ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਲੋਕ ਤੇ ਕਾਂਗਰਸੀ ਵਰਕਰ ਰਾਹੁਲ ਗਾਂਧੀ ਦੇ ਸਵਾਗਤ ਲਈ ਪੁੱਜੇ ਹੋਏ ਸਨ। ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ, ਜੋ ਬਨਿਹਾਲ ਨਾਲ ਸਬੰਧਤ ਹਨ, ਪੰਜ ਕਿਲੋਮੀਟਰ ਦੇ ਫਾਸਲੇ ਦੌਰਾਨ ਗਾਂਧੀ ਨੂੰ ਵੱਖ ਵੱਖ ਵਫ਼ਦਾਂ ਨਾਲ ਮਿਲਾਉਂਦੇ ਨਜ਼ਰ ਆਏ। ਅਧਿਕਾਰੀਆਂ ਮੁਤਾਬਕ ਲੈਂਬਰ ਵਿੱਚ ਬਰਫ਼ ਪਈ ਹੈ ਤੇ ਯਾਤਰੀ ਬਨਿਹਾਲ ਵਿੱਚ ਰਾਤ ਦਾ ਪੜਾਅ ਕਰਨਗੇ। ਉਧਰ ਮੌਮਸ ਵਿਭਾਗ ਨੇ ਅੱਜ ਦਰਮਿਆਨੀਆਂ ਤੇ ਉੱਚੀਆਂ ਟੀਸੀਆਂ ’ਤੇ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ’ਚ ਮੀਂਹ ਦੀ ਪੇਸ਼ੀਨਗੋਈ ਕੀਤੀ ਸੀ।

Add a Comment

Your email address will not be published. Required fields are marked *