ਰਾਸ਼ਟਰੀ ਤਕਨਾਲੋਜੀ ਦਿਵਸ: PM ਮੋਦੀ ਨੇ 5800 ਕਰੋੜ ਦੇ ਪ੍ਰਾਜੈਕਟਾਂ ਦੀ ਰੱਖੀ ਨੀਂਹ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀ ਕਿ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ‘ਤੇ ਪ੍ਰਗਤੀ ਮੈਦਾਨ ‘ਚ ਆਯੋਜਿਤ ਇਕ ਸਮਾਰੋਹ ਦਾ ਉਦਘਾਟਨ ਕੀਤਾ ਅਤੇ 5,800 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਗਿਆਨਕ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਹ ਸਮਾਗਮ 11 ਤੋਂ 14 ਮਈ ਤੱਕ ਆਯੋਜਿਤ ਕੀਤੇ ਜਾ ਰਹੇ ਰਾਸ਼ਟਰੀ ਤਕਨਾਲੋਜੀ ਦਿਵਸ ਦੇ 25ਵੇਂ ਸਾਲ ਦੇ ਜਸ਼ਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਨ੍ਹਾਂ ਵਿਚ ਲੇਜ਼ਰ ਇੰਟਰਫੇਰੋਮੀਟਰ ਗਰੈਵੀਟੇਸ਼ਨਲ ਵੇਵ ਆਬਜ਼ਰਵੇਟਰੀ-ਇੰਡੀਆ (LIGO-ਇੰਡੀਆ), ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਜਤਨੀ, ਓਡੀਸ਼ਾ ਅਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਮੁੰਬਈ ਦਾ ਪਲੈਟੀਨਮ ਜੁਬਲੀ ਬਲਾਕ ਸ਼ਾਮਲ ਹਨ।

ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਹਾਲ ਹੀ ‘ਚ ਭਾਰਤ ‘ਚ ਕੀਤੇ ਗਏ ਵਿਗਿਆਨਕ ਅਤੇ ਤਕਨੀਕੀ ਵਿਕਾਸ ਨੂੰ ਪ੍ਰਦਰਸ਼ਿਤ ਕਰਨ ਵਾਲੇ ਇਕ ਐਕਸਪੋ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ। ਮਹਾਰਾਸ਼ਟਰ ਦੇ ਹਿੰਗੋਲੀ ਵਿਖੇ ਵਿਕਸਿਤ ਹੋਣ ਵਾਲਾ LIGO-ਇੰਡੀਆ ਦੁਨੀਆ ਦੀਆਂ ਕੁਝ ਲੇਜ਼ਰ ਇੰਟਰਫੇਰੋਮੀਟਰ ਗਰੈਵੀਟੇਸ਼ਨਲ ਵੇਵ ਆਬਜ਼ਰਵੇਟਰੀ ‘ਚੋਂ ਇਕ ਹੋਵੇਗਾ।

ਇਹ ਚਾਰ ਕਿਲੋਮੀਟਰ ਲੰਮੀ ਬਾਂਹ ਵਾਲਾ ਇਕ ਬਹੁਤ ਹੀ ਸੰਵੇਦਨਸ਼ੀਲ ਇੰਟਰਫੇਰੋਮੀਟਰ ਹੈ, ਜੋ ਕਿ ਬਲੈਕ ਹੋਲ ਅਤੇ ਨਿਊਟ੍ਰੋਨ ਤਾਰਿਆਂ ਵਰਗੀਆਂ ਵਿਸ਼ਾਲ ਖਗੋਲ ਭੌਤਿਕ ਵਸਤੂਆਂ ਦੇ ਅਭੇਦ ਹੋਣ ਦੌਰਾਨ ਪੈਦਾ ਹੋਣ ਵਾਲੀਆਂ ਗਰੈਵੀਟੇਸ਼ਨਲ ਤਰੰਗਾਂ ਨੂੰ ਮਹਿਸੂਸ ਕਰਨ ਦੇ ਸਮਰੱਥ ਹੈ। LIGO-ਇੰਡੀਆ ਅਮਰੀਕਾ ਵਿਚ ਕੰਮ ਕਰ ਰਹੀਆਂ ਅਜਿਹੀਆਂ ਦੋ ਆਬਜ਼ਰਵੇਟਰੀਆਂ ਦੇ ਨਾਲ ਕੰਮ ਕਰੇਗਾ।

ਇਨ੍ਹਾਂ ਵਿਚੋਂ ਇਕ ਹੈਨਫੋਰਡ ਵਾਸ਼ਿੰਗਟਨ ਵਿਚ ਹੈ ਅਤੇ ਦੂਜਾ ਲਿਵਿੰਗਸਟਨ, ਲੁਈਸਿਆਨਾ ‘ਚ ਹੈ। ਪ੍ਰਧਾਨ ਮੰਤਰੀ ਵਲੋਂ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਪ੍ਰਾਜੈਕਟਾਂ ‘ਚ ਫਿਸ਼ਨ ਮੋਲੀਬਡੇਨਮ-99 ਉਤਪਾਦਨ ਸਹੂਲਤ, ਮੁੰਬਈ, ਦੁਰਲੱਭ ਧਰਤੀ ਸਥਾਈ ਮੈਗਨੇਟ ਪਲਾਂਟ, ਵਿਸ਼ਾਖਾਪਟਨਮ, ਨੈਸ਼ਨਲ ਹੈਡ੍ਰੋਨ ਬੀਮ ਥੈਰੇਪੀ ਸਹੂਲਤ, ਨਵੀਂ ਮੁੰਬਈ, ਰੇਡੀਓਲੌਜੀਕਲ ਖੋਜ ਯੂਨਿਟ, ਨਵੀਂ ਮੁੰਬਈ, ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਵਿਸ਼ਾਖਾਪਟਨਮ ਅਤੇ ਵੂਮੈਨ ਐਂਡ ਚਿਲਡਰਨ ਹਸਪਤਾਲ ਬਿਲਡਿੰਗ, ਨਵੀਂ ਮੁੰਬਈ ਸ਼ਾਮਲ ਹਨ।

ਦੱਸ ਦੇਈਏ ਕਿ ਰਾਸ਼ਟਰੀ ਤਕਨਾਲੋਜੀ ਦਿਵਸ ਦੀ ਸ਼ੁਰੂਆਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ 1999 ‘ਚ ਭਾਰਤੀ ਵਿਗਿਆਨੀਆਂ ਅਤੇ ਤਕਨਾਲੋਜੀ ਵਿਕਾਸ ਲਈ ਕੰਮ ਕਰਨ ਵਾਲੇ ਅਤੇ ਮਈ 1998 ‘ਚ ਪੋਕਰਣ ‘ਚ ਪਰਮਾਣੂ ਪਰੀਖਣ ਦੀ ਸਫ਼ਲਤਾ ਯਕੀਨੀ ਕਰਨ ਵਾਲੇ ਭਾਰਤੀ ਵਿਗਿਆਨਕ, ਇੰਜੀਨੀਅਰਾਂ ਅਤੇ ਤਕਨੋਲੋਜਿਸਟਾਂ ਨੂੰ ਸਨਮਾਨਿਤ ਕਰਨ ਲਈ ਸ਼ੁਰੂ ਕੀਤਾ ਸੀ। ਉਦੋਂ ਤੋਂ ਹਰ ਸਾਲ 11 ਮਈ ਨੂੰ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾਂਦਾ ਹੈ। ਇਹ ਹਰ ਸਾਲ ਇੱਕ ਨਵੀਂ ਅਤੇ ਵੱਖਰੀ ਥੀਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ਹੈ- ਸਕੂਲ ਟੂ ਸਟਾਰਟਅਪ-ਇਗ੍ਰਾਇਟ ਯੰਗ ਮਾਇੰਡਸ ਟੂ ਇਨੋਵੇਟ। 

Add a Comment

Your email address will not be published. Required fields are marked *