ਪੰਜਾਬ ਵਿਧਾਨ ਸਭਾ ਵਿੱਚ ਸਰਾਰੀ ਦੇ ਮੁੱਦੇ ’ਤੇ ਹੰਗਾਮਾ

ਚੰਡੀਗੜ੍ਹ, 29 ਸਤੰਬਰ

ਪੰਜਾਬ ਵਿਧਾਨ ਸਭਾ ਵਿੱਚ ਅੱਜ ਮੰਤਰੀ ਫੌਜਾ ਸਿੰਘ ਸਰਾਰੀ ਦੀ ਇੱਕ ‘ਵਾਇਰਲ ਆਡੀਓ’ ਦੇ ਮੁੱਦੇ ’ਤੇ ਜ਼ੋਰਦਾਰ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿਫਰ ਕਾਲ ਦਾ ਐਲਾਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਦਾ ਮੌਕਾ ਦਿੱਤਾ ਤਾਂ ਉਨ੍ਹਾਂ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਮੰਤਰੀ ਮੰਡਲ ’ਚੋਂ ਬਰਖਾਸਤ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ। ਵਿਰੋਧੀ ਧਿਰ ਨੇ ਇਸ ਮੁੱਦੇ ’ਤੇ ਸਰਕਾਰ ਤੇ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਮੰਗ ਕੀਤੀ ਤਾਂ ਸਪੀਕਰ ਨੇ ਸਪੱਸ਼ਟ ਕੀਤਾ ਕਿ ਸਿਫਰ ਕਾਲ ਦੌਰਾਨ ਉਠੇ ਕਿਸੇ ਵੀ ਮੁੱਦੇ ’ਤੇ ਸਪੀਕਰ ਸਰਕਾਰ ਨੂੰ ਜਵਾਬ ਦੇਣ ਲਈ ਪਾਬੰਦ ਨਹੀਂ ਕਰ ਸਕਦਾ।

ਮੁੱਖ ਮੰਤਰੀ ਦੇ ਬਿਆਨ ’ਤੇ ਅੜੀ ਵਿਰੋਧੀ ਧਿਰ ਨੇ ਜਦੋਂ ਸਦਨ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਸਪੀਕਰ ਵੱਲੋਂ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਇਸ ਤੋਂ ਬਾਅਦ ਵੀ ਵਿਰੋਧੀ ਧਿਰ ਨੇ ਸਦਨ ਦੀ ਕਾਰਵਾਈ ਖ਼ਤਮ ਹੋਣ ਤੱਕ ਹੰਗਾਮਾ ਜਾਰੀ ਰੱਖਿਆ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ਵਿੱਚ ਪੈਸੇ ਦੀ ਵਸੂਲੀ ਦੀ ਗੱਲਬਾਤ ਸਪੱਸ਼ਟ ਸੁਣਾਈ ਦਿੰਦੀ ਹੈ ਤੇ ਮੰਤਰੀ ਨੇ ਵੀ ਆਡੀਓ ਸਹੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਲਈ ਜੇਕਰ ਵਿਜੈ ਸਿੰਗਲਾ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਇੱਕ ਇਮਾਨਦਾਰ ਸਰਕਾਰ ਇਸ ਮੰਤਰੀ ਦੇ ਮਾਮਲੇ ’ਚ ਪੱਲਾ ਕਿਉਂ ਝਾੜ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਮ ਆਦਮੀ ਪਾਰਟੀ’ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਸੀ ਤੇ ਇਹ ਬਦਲਾਅ ਹਕੀਕੀ ਰੂਪ ਵਿੱਚ ਦਿਖਾਈ ਦੇਣਾ ਚਾਹੀਦਾ ਹੈ। ਇਸ ਮੁੱਦੇ ’ਤੇ ਸੁਖਪਾਲ ਸਿੰਘ ਖਹਿਰਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੋਲਣ ਦਾ ਯਤਨ ਕੀਤਾ ਪਰ ਸਪੀਕਰ ਨੇ ਦੋਵਾਂ ਨੂੰ ਇਜਾਜ਼ਤ ਨਹੀਂ ਦਿੱਤੀ।

ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ-ਮੌਜੂਦਗੀ ਵਿੱਚ ਹੋਏ ਇਸ ਘਟਨਾਕ੍ਰਮ ਦੌਰਾਨ ਫੌਜਾ ਸਿੰਘ ਸਰਾਰੀ ਵੀ ਸਦਨ ਵਿੱਚ ਬੈਠੇ ਸਨ। ਕਾਂਗਰਸ ਦੇ ਵਿਧਾਇਕ ਜਦੋਂ ਇਸ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਸਨ ਤਾਂ ਹਾਕਮ ਧਿਰ ਦੇ ਜ਼ਿਆਦਾਤਰ ਮੈਂਬਰ ਕਾਂਗਰਸੀਆਂ ’ਤੇ ਭ੍ਰਿਸ਼ਟ ਅਤੇ ਭਾਜਪਾ ਦੀ ‘ਬੀ’ ਟੀਮ ਹੋਣ ਦੇ ਦੋਸ਼ ਲਾ ਰਹੇ ਸਨ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਸਪੱਸ਼ਟ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵਿਰੋਧੀ ਧਿਰ ਮੁੱਖ ਮੰਤਰੀ ਦੇ ਬਿਆਨ ਦੇ ਮੁੱਦੇ ’ਤੇ ਅੜੀ ਰਹੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਧਿਰ ਖ਼ਿਲਾਫ਼ ਸਖਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਪੰਜਾਬ ਦੀ ਜਨਤਾ ਦਾ ਸਮਾਂ ਅਤੇ ਸਰਕਾਰੀ ਪੈਸਾ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਾਰੇ ਮੈਂਬਰਾਂ ਨੂੰ ਇਸ ਸਦਨ ਲਈ ਚੁਣਿਆ ਹੈ। ਇਸ ਲਈ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਲੋਕ ਮਸਲਿਆਂ ’ਤੇ ਚਰਚਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਵਿਰੋਧੀ ਧਿਰ ਨੇ ਪੈਦਾ ਕੀਤਾ ਹੈ ਉਹ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਤੇ ਧੋਖੇ ਸਮਾਨ ਹੈ। ਸਦਨ ਵਿੱਚ ਹੰਗਾਮੇ ਦੌਰਾਨ ਹੀ ਸਪੀਕਰ ਨੇ ਹਾਕਮ ਧਿਰ ਨੂੰ ਗੈਰ-ਸਰਕਾਰੀ ਮਤੇ ਪੇਸ਼ ਕਰਨ ਲਈ ਕਿਹਾ।

ਹਾਕਮ ਧਿਰ ਦੇ ਮੈਂਬਰਾਂ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਲਾਲ ਚੰਦ ਕਟਾਰੂਚੱਕ ਅਤੇ ਹੋਰਨਾਂ ਵਿਧਾਇਕਾਂ ਨੇ ਵੀ ਕਾਂਗਰਸ ਦੇ ਮੈਂਬਰਾਂ ’ਤੇ ਤਿੱਖੇ ਹਮਲੇ ਕਰਦਿਆਂ ਪੰਜਾਬ ’ਚ ਕਾਂਗਰਸ ਦੀ ਸੱਤਾ ਦੌਰਾਨ ਭ੍ਰਿਸ਼ਟਾਚਾਰ ਤੇ ਘਪਲੇ ਹੋਣ ਦੇ ਦੋਸ਼ ਲਾਏ। ਸਦਨ ਵਿੱਚ ਕਈ ਵਾਰੀ ਹਾਕਮ ਤੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਇੱਕ-ਦੂਜੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਾਂਗਰਸ ਦੇ ਦੋ ਮੈਂਬਰਾਂ ਵਿਕਰਮਜੀਤ ਸਿੰਘ ਚੌਧਰੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਕਾਰਵਾਈ ਦਾ ਮਤਾ ਪੇਸ਼ ਕੀਤਾ ਪਰ ਸਪੀਕਰ ਨੇ ਇਸ ਮਤੇ ’ਤੇ ਹਾਲ ਦੀ ਘੜੀ ਕਾਰਵਾਈ ਨਾ ਕਰਨ ਦੀ ਗੱਲ ਕਹੀ ਹੈ।

ਰਾਣਾ ਦੇ ਪੈਂਤੜੇ ਨੇ ਕੀਤਾ ਹੈਰਾਨ

ਪੰਜਾਬ ਦੇ ਇਕਲੌਤੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਅੱਜ ਸਦਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਲਿਤਾਂ ਦੇ ਵਜ਼ੀਫਿਆਂ ਦੇ ਮੁੱਦੇ ’ਤੇ ਲਿਆਂਦੇ ਗ਼ੈਰ-ਸਰਕਾਰੀ ਮਤੇ ਦੀ ਹਮਾਇਤ ਕਰਕੇ ਸਭ ਨੂੰ ਹੈਰਾਨ ਹੀ ਨਹੀਂ ਕੀਤਾ ਸਗੋਂ ਸਦਨ ਵਿੱਚ ਸਰਕਾਰ ਅਤੇ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਕਾਂਗਰਸ ਵਿਧਾਇਕਾਂ ਨੂੰ ਵੀ ਚੁੱਪ ਰਹਿਣ ਲਈ ਇੱਕ ਤੋਂ ਵੱਧ ਵਾਰ ਕਿਹਾ। ਇਸ ਵਿਧਾਇਕ ਦੇ ਪਿਤਾ ਰਾਣਾ ਗੁਰਜੀਤ ਸਿੰਘ ਕਪੂਰਥਲਾ ਹਲਕੇ ਤੋਂ ਵਿਧਾਇਕ ਹਨ ਤੇ ਰਾਣਾ ਇੰਦਰ ਪ੍ਰਾਤਪ ਸਿੰਘ ਸੁਲਤਾਨਪੁਰਾ ਲੋਧੀ ਤੋਂ ਆਜ਼ਾਦ ਜਿੱਤੇ ਸਨ। ਜਿੱਤਣ ਤੋਂ ਬਾਅਦ ਇਸ ਵਿਧਾਇਕ ਨੇ ਕਾਂਗਰਸ ਦਾ ਸਾਥ ਦੇਣ ਦਾ ਐਲਾਨ ਕੀਤਾ ਸੀ ਪਰ ਅੱਜ ਦੇ ਘਟਨਾਕ੍ਰਮ ਤੋਂ ਨਵੇਂ ਕਿਆਸ ਲਾਏ ਜਾਣ ਲੱਗੇ ਹਨ।

Add a Comment

Your email address will not be published. Required fields are marked *