ਮੋਦੀ ਤੇ ‘ਟੁਕੜੇ-ਟੁਕੜੇ’ ਗੈਂਗ ਵਿਚਾਲੇ ਕਰਨੀ ਪਏਗੀ ਚੋਣ: ਅਮਿਤ ਸ਼ਾਹ

ਬੰਗਲੂਰੂ, 31 ਦਸੰਬਰ-: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਨੂੰ ਅੱਜ ਇਥੇ ਸੰਬੋਧਨ ਕਰਦਿਆਂ ਸੁਨੇਹਾ ਦਿੱਤਾ ਕਿ ਸੂਬਾ ਵਾਸੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ’ਟੁਕੜੇ-ਟੁਕੜੇ’ ਗੈਂਗ ਵਿਚਾਲੇ ਚੋਣ ਕਰਨੀ ਪਏਗੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇਸ਼ ਵਿੱਚ ਰਾਮ ਮੰਦਿਰ ਬਣਵਾ ਰਹੇ ਹਨ। ਉਨ੍ਹਾਂ ਨੇ ਕਾਸ਼ੀ, ਬਦਰੀਨਾਥ ਤੇ ਕੇਦਾਰਾਨਾਥ ਮੰਦਿਰਾਂ ਦਾ ਵਿਕਾਸ ਵੀ ਕਰਵਾਇਆ ਹੈ ਤੇ ਦੂਜੇ ਪਾਸੇ ਉਹ ਲੋਕ ਹਨ ਜੋ ਟੀਪੂ ਸੁਲਤਾਨ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ। ਉਨ੍ਹਾਂ ਨੇ ਪਾਰਟੀ ਕਾਰਕੁਨਾਂ ਨੂੰ ਦੱਖਣੀ ਭਾਰਤ ਵਿੱਚ ਭਾਜਪਾ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਵਰ੍ਹਾ 2023 ਵਿੱਚ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸੇ ਦੌਰਾਨ ਅਮਿਤ ਸ਼ਾਹ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਭਾਜਪਾ ਵੱਲੋਂ ਇਨ੍ਹਾਂ ਚੋਣਾਂ ਦੌਰਾਨ ਜੇਡੀ (ਐੱਸ) ਨਾਲ ਗੱਠਜੋੜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਇਹ ਚੋਣਾਂ ਇਕੱਲਿਆਂ ਹੀ ਲੜੀਆਂ ਜਾਣਗੀਆਂ।

ਦੱਸਣਯੋਗ ਹੈ ਕਿ ਅਮਿਤ ਸ਼ਾਹ ਕਰਨਾਟਕ ਦੋ ਰੋਜ਼ਾ ਦੌਰੇ ’ਤੇ ਹਨ ਤੇ ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਉਨ੍ਹਾਂ ਨੇ ਬੂਥ ਪ੍ਰਧਾਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵਰਕਰਾਂ ਨੇ ਪ੍ਰਣ ਲਿਆ ਹੈ ਕਿ ਦੱਖਣੀ ਭਾਰਤ ਵਿੱਚ ਕਮਲ ਜ਼ਰੂਰ ਖਿੜੇਗਾ। ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਭਾਜਪਾ ਨੇ ਪਿੰਡਾਂ ਤਕ ਪਹੁੰਚ ਬਣਾ ਲਈ ਹੈ। ਕਾਂਗਰਸ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਉਨ੍ਹਾਂ ਨੇ ਪਾਰਟੀ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਟੁਕੜੇ-ਟੁਕੜੇ ਗੈਂਗ ਦੀ ਅਗਵਾਈ ਕਰਦੀ ਹੈ।  ਉਨ੍ਹਾਂ ਕਿਹਾ ਕਿ ਜੇਡੀ (ਐੱਸ) ਨਾਲ ਸਬੰਧਤ ਲੋਕ ਪ੍ਰਚਾਰ ਕਰ ਰਹੇ ਹਨ ਕਿ ਭਾਜਪਾ ਨੇ ਇਸ ਪਾਰਟੀ ਨਾਲ ਗੱਠਜੋੜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸਪਸ਼ਟੀਕਰਨ ਦੇਣਾ ਚਾਹੁੰਦਾ ਹਾਂ ਕਿ ਭਾਜਪਾ ਨੇ ਅਜਿਹਾ ਕੋਈ ਸਮਝੌਤਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਦੇ ਲੋਕਾਂ ਨੂੰ ਫੈਸਲਾ ਕਰਨਾ ਹੋਵੇਗਾ ਕਿ ਉਹ ਦੇਸ਼ ਭਗਤਾਂ ਨਾਲ ਜਾਣਾ ਚਾਹੁੰਦੇ ਹਨ ਜਾਂ ਅਜਿਹੀਆਂ ਪਾਰਟੀਆਂ ਦਾ ਸਮਰਥਨ ਕਰਨਾ ਚਾਹੁੰਦੇ ਹਨ ਜੋ ਦੇਸ਼ ਨੂੰ ਤੋੜਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਸੁਨੇਹਾ ਦਿੱਤਾ ਕਿ ਉਹ ਪ੍ਰਚਾਰ ਮੁਹਿੰਮ ਤੇਜ਼ ਕਰਨ ਤਾਂ ਕਿ ਕਰਨਾਟਕ ਵਿੱਚ ਭਾਜਪਾ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾ ਸਕੇ।

Add a Comment

Your email address will not be published. Required fields are marked *