ਵਿਦੇਸ਼ ਮੰਤਰੀ ਨੇ ਸਾਈਪ੍ਰਸ ’ਚ ਕੋਨਾਰਕ ਚੱਕਰ ਦਾ ਦੌਰਾ ਕੀਤਾ

ਨਿਕੋਸੀਆ, 30 ਦਸੰਬਰ-: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਾਈਪ੍ਰਸ ਦੀ ਆਪਣੀ ਪਹਿਲੀ ਸਰਕਾਰੀ ਫੇਰੀ ਦੌਰਾਨ ‘ਕੋਨਾਰਕ ਚੱਕਰ’ ਦਾ ਦੌਰਾ ਕੀਤਾ ਜਿਹੜਾ ਦੋਵਾਂ ਦੇਸ਼ਾਂ ਵਿਚਾਲੇ ਗੂੜ੍ਹੀ ਦੋਸਤੀ ਦਾ ਪ੍ਰਤੀਕ ਹੈ।

ਜੈਸ਼ੰਕਰ ਸਾਈਪ੍ਰਸ ਦੀ ਤਿੰਨ ਦਿਨਾ ਯਾਤਰਾ ’ਤੇ ਹਨ ਅਤੇ ਭਾਰਤ ਤੇ ਸਾਈਪ੍ਰਸ ਆਪਣੇ ਰਣਨੀਤਕ ਸਬੰਧਾਂ ਦੀ 60ਵੀਂ ਵਰ੍ਹੇਗੰਢ ਮਨਾ ਰਹੇ ਹਨ। ਵਿਦੇਸ਼ ਮੰਤਰੀ ਵੀਰਵਾਰ ਨੂੰ ‘ਕੋਨਾਰਕ ਚੱਕਰ’ ਦੇਖਣ ਗਏ ਜਿਹੜਾ ਭਾਰਤ ਵੱਲੋਂ 2017 ਵਿੱਚ ਸਾਈਪ੍ਰਸ ਨੂੰ ਭੇਟ ਕੀਤਾ ਗਿਆ ਸੀ। ਜੈਸ਼ੰਕਰ ਨੇ ਟਵੀਟ ਕੀਤਾ, ‘‘ਸਾਈਪ੍ਰਸ ਦੇ ਵਿਦੇਸ਼ ਮੰਤਰੀ ਆਈ. ਕਸੋਲਿਡਸ ਅਤੇ ਗ੍ਰਹਿ ਮੰਤਰੀ ਨੌਰਿਸ ਨਿਕੋਸ ਦੇ ਨਾਲ ਉੱਥੇ ਵਿਦੇਸ਼ ਮੰਤਰਾਲੇ ਵਿੱਚ ਸਥਾਪਤ ਕੋਨਾਰਕ ਚੱਕਰ ਦੇਖਿਆ।’’ ਉਨ੍ਹਾਂ ਕਿਹਾ, ‘‘ਸਾਲ 2017 ਵਿੱਚ ਭਾਰਤ ਵੱਲੋਂ ਭੇਟ ਕੀਤਾ ਗਿਆ ਇਹ ਚੱਕਰ ਸਾਡੇ ਦੇਸ਼ਾਂ ਵਿਚਾਲੇ ਮਜ਼ਬੂਤ ਦੋਸਤੀ ਦਾ ਪ੍ਰਤੀਕ ਹੈ।’’

ਦੋਵਾਂ ਦੇਸ਼ਾਂ ਵੱਲੋਂ ਵੀਰਵਾਰ ਨੂੰ ਭਾਰਤੀ ਦੀ ਆਜ਼ਾਦੀ ਦੀ 75ਵੇਂ ਵਰ੍ਹੇਗੰਢ ਅਤੇ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਸਬੰਧਾਂ ਦੀ ਸਥਾਪਤੀ ਦੀ 60ਵੀਂ ਵਰ੍ਹਗੰਢ ਦੇ ਸਬੰਧ ਵਿੱਚ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ।

ਜੈਸ਼ੰਕਰ ਵੀਰਵਾਰ ਨੂੰ ਸਾਈਪ੍ਰਸ ਦੀ ਪ੍ਰਤੀਨਿਧ ਸਭਾ ਦੀ ਪ੍ਰਧਾਨ ਅਨਿਤਾ ਦਮਤ੍ਰਿਊ ਨੂੰ ਵੀ ਮਿਲੇ ਅਤੇ ਦੋਵਾਂ ਨੇਤਾਵਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਟਵੀਟ ਕੀਤਾ, ‘‘ਮਹਾਤਮਾ ਗਾਂਧੀ ਵੱਲੋਂ ਦਿੱਤਾ ਸ਼ਾਂਤੀ ਅਤੇ ਸੁਹਿਰਦਤਾ ਦਾ ਸੁਨੇਹਾ ਸਾਡਾ ਸਭ ਦਾ ਮਾਰਗਦਰਸ਼ਨ ਕਰਦਾ ਰਹੇਗਾ।’’ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਾਈਪ੍ਰਸ ਦੇ ਆਪਣੇ ਹਮਰੁਤਬਾ ਆਈ. ਕਸੋਲਿਡਸ ਨਾਲ ਵੀ ਮੁਲਾਕਾਤ ਕੀਤੀ ਅਤੇ ਰੱਖਿਆ ਤੇ ਸੈਨਿਕ ਸਹਿਯੋਗ ਸਬੰਧੀ ਸਮਝੌਤੇ ’ਤੇ ਦਸਤਖ਼ਤ ਕੀਤੇ।

Add a Comment

Your email address will not be published. Required fields are marked *