ਸੰਤ ਸੀਚੇਵਾਲ ਵੱਲੋਂ ਜਲ, ਜੰਗਲ ਤੇ ਜ਼ਮੀਨ ਨੂੰ ਬਚਾਉਣ ਵਾਲਿਆਂ ਲਈ ਰਾਖਵੇਂਕਰਨ ਦੀ ਹਮਾਇਤ

ਸੁਲਤਾਨਪੁਰ ਲੋਧੀ: ਰਾਜ ਸਭਾ ਵਿਚ ਪੇਸ਼ ਹੋਏ ਅਨੁਸੂਚਿਤ ਜਨਜਾਤੀਆਂ (ਚੌਥੀ ਸੋਧ) ਬਿੱਲ ਦੇ ਸਮਰਥਨ ਵਿਚ ਆਪਣੇ ਵਿਚਾਰ ਰੱਖਦੇ ਹੋਏ ਪੰਜਾਬ ਤੋਂ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਲ, ਜੰਗਲ ਤੇ ਜ਼ਮੀਨ ਨੂੰ ਬਚਾਉਣ ਲਈ ਲੱਗੇ ਹੋਏ ਲੋਕਾਂ ਦੇ ਲਈ ਲਿਆਂਦੇ ਗਏ ਰਾਖਵੇਂਕਰਨ ਦੀ ਉਹ ਹਮਾਇਤ ਕਰਦੇ ਹਨ। ਸੰਤ ਸੀਚੇਵਾਲ ਨੇ ਸੋਧ ਬਿੱਲ ਪੇਸ਼ ਕਰਨ ਵਾਲੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਿੱਲ ਉਨ੍ਹਾਂ  ਲੋਕਾਂ ਲਈ ਲੈ ਕੇ ਆਏ ਹਨ ਜਿਨ੍ਹਾਂ ਨੂੰ ਅੱਜ ਤੱਕ ਸਮਾਜ ਵਿੱਚ ਸਿਰਫ ਨੀਵੀਆਂ ਨਜ਼ਰ ਨਾਲ ਦੇਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਬਿੱਲ ਨਾਲ ਕਰਨਾਟਕਾ ਦੇ ਕਬਾਇਲੀ ਇਲਾਕਿਆਂ ਵਿਚ ਰਹਿਣ ਵਾਲੀਆਂ ਅਨੁਸੂਚਿਤ ਜਨਜਾਤੀਆਂ ਨੂੰ ਰਾਖਵਾਂਕਰਨ ਦਾ ਲਾਭ ਮਿਲੇਗਾ।

ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਵਿਗਿਆਨਿਕ ਯੁੱਗ ਵਿਚ ਵੀ ਪਹੁੰਚ ਗਏ ਤਦ ਵੀ ਆਪਣੇ ਅੰਦਰੋਂ ਜਾਤਾਂ ਪਾਤਾਂ ਤੇ ਹੀਣ ਭਾਵਨਾ ਦੇ ਭੇਦ ਭਾਵ ਨੂੰ ਨਹੀ ਖਤਮ ਕਰ ਸਕੇ। 7 ਦਹਾਕਿਆਂ ਦੇ ਬੀਤ ਜਾਣ ਦੇ ਬਾਵਜੂਦ ਵੀ ਗਰੀਬੀ ਨਜ਼ਰ ਆ ਰਹੀ ਕਿਉਂਕਿ ਇਨ੍ਹਾਂ ਲੋਕਾਂ ਨੂੰ ਸਦੀਆਂ ਤੋਂ ਅਣਗੋਲਿਆ ਗਿਆ ਹੈ। ਸੰਤ ਸੀਚੇਵਾਲ ਨੇ ਸਿਸਟਮ ‘ਤੇ ਤਿੱਖੀ ਚੋਟ ਕਰਦਿਆਂ ਕਿਹਾ ਕਿ ਸਿਸਟਮ ਵੱਲੋਂ ਇਨ੍ਹਾਂ ਦੱਬੇ ਕੁਚਲੇ ਲੋਕਾਂ ਨੂੰ ਸਿਰਫ ਇਕ ਵੋਟ ਬੈਂਕ ਦਾ ਹਿੱਸਾ ਹੀ ਮੰਨਿਆ ਗਿਆ ਹੈ।

ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਇਸ ਬਿੱਲ ਨਾਲ ਇਨ੍ਹਾਂ ਲੋਕਾਂ ਨੂੰ ਸਮਾਜ ਵਿਚ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਅਤੇ ਰੋਜ਼ਗਾਰ ਦੇਣ ਦੀ ਪਹਿਲ ਦਿੱਤੀ ਜਾਵੇ, ਕਿਉਂਕਿ ਇਹ ਲੋਕ ਨਾ ਤਾਂ ਅੰਦੋਲਨ ਕਰਦੇ ਹਨ ਤੇ ਨਾ ਹੀ ਰੋਸ ਜ਼ਾਹਿਰ ਕਰਦੇ ਹਨ ਕਿਉਂਕਿ ਇਹ ਆਪਣੇ ਪਰਿਵਾਰ ਸਮੇਤ ਉਸੇ ਵਿਚ ਖੁਸ਼ ਹਨ ਜੋ ਇਨ੍ਹਾਂ ਨੂੰ ਕੁਦਰਤ ਦਿੰਦੀ ਹੈ ਤੇ ਇਹੀ ਲੋਕ ਕੁਦਰਤ ਦੇ ਸਭ ਤੋਂ ਨੇੜੇ ਰਹਿੰਦੇ ਹਨ ਤੇ ਕੁਦਰਤ ਦਾ ਪੂਰਾ ਸਤਿਕਾਰ ਵੀ ਕਰਦੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਗਰੀਬ ਲੋਕ ਇਮਾਨਦਾਰ ਤੇ ਕਿਰਤ ਕਰਨ ਵਾਲੇ ਹੁੰਦੇ ਹਨ। ਪਰ ਅੱਜ ਤਕ ਇਨ੍ਹਾਂ ਲੋਕਾਂ ਦਾ ਹਮੇਸ਼ਾ ਹੀ ਪੈਸੇ, ਬਹੁਬਲ ਅਤੇ ਰਾਜਨੀਤੀ ਨਾਲ ਇਨ੍ਹਾਂ ਦਾ ਸ਼ੋਸ਼ਣ ਹੁੰਦਾ ਰਿਹਾ ਹੈ। ਸੰਤ ਸੀਚੇਵਾਲ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਕਿਹਾ ਕਿ ਇੰਨ੍ਹਾਂ ਲੋਕਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਬਰਾਬਰੀ ਦਾ ਹੱਕ ਦਿੰਦਾ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਕਾਨੂੰਨ ਜਿਨ੍ਹਾਂ ਲਈ ਬਣਾਏ ਜਾ ਰਹੇ ਹਨ ਉਨ੍ਹਾਂ ਤਕ ਜ਼ਰੂਰ ਪਹੁੰਚਣਗੇ ਅਤੇ ਸਿਹਤ ਤੇ ਸਿੱਖਿਆ ਸਹੂਲਤਾਂ ਵਿਚ ਉਹ ਵੀ ਸਭ ਦੇ ਨਾਲ ਰਲਣਗੇ। ਜੇਕਰ ਉਨ੍ਹਾਂ ਨੂੰ ਕੁੱਲੀ ਗੁੱਲੀ ਤੇ ਜੁੱਲੀ ਮਿਲੇਗੀ ਤਾਂ ਹੀ ਇਹ ਕਾਨੂੰਨ ਬਣਾਉਣ ਦਾ ਫਾਇਦਾ ਹੈ। ਦੇਸ਼ ‘ਚੋਂ ਗਰੀਬੀ ਉਸ ਵੇਲੇ ਹੀ ਖ਼ਤਮ ਹੋਵੇਗੀ ਜਿਸ ਦਿਨ ਹਕੀਕਤ ਵਿਚ ਇੰਨ੍ਹਾਂ ਲੋਕਾਂ ਨੂੰ ਸਹੂਲਤਾਂ ਮਿਲਣ ਲੱਗ ਪੈਣਗੀਆਂ।

Add a Comment

Your email address will not be published. Required fields are marked *