ਹੋਲਾ ਮਹੱਲਾ: ਵੱਡੀ ਗਿਣਤੀ ਸੰਗਤ ਨੇ ਕੀਤੇ ਗੁਰਧਾਮਾਂ ਦੇ ਦਰਸ਼ਨ

ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼ੁਰੂ ਹੋਏ ਹੋਲੇ ਮਹੱਲੇ ਦੇ ਦੂਜੇ ਦਿਨ ਅੱਜ ਵੱਡੀ ਗਿਣਤੀ ਸੰਗਤ ਨੇ ਵੱਖ-ਵੱਖ ਗੁਰਦੁਆਰਿਆਂ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ। ਸਵੇਰ ਤੋਂ ਹੀ ਸੜਕਾਂ ’ਤੇ ਰੌਣਕਾਂ ਲੱਗ ਗਈਆਂ ਤੇ ਸਾਰਾ ਦਿਨ ਮੇਲਾ ਭਰਿਆ ਰਿਹਾ। ਦੇਸ਼ਾਂ-ਵਿਦੇਸ਼ਾਂ ਅਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ ਸੰਗਤ ਟਰੈਕਟਰ ਟਰਾਲੀਆਂ, ਟਰੱਕਾਂ, ਸਕੂਟਰਾਂ ਤੇ ਮੋਟਰਸਾਈਕਲਾਂ ਆਦਿ ’ਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਪੁੱਜ ਰਹੀ ਹੈ। ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪਹੁੰਚ ਰਹੀ ਸੰਗਤ ਕੇਸਰੀ ਰੰਗ ਦੇ ਝੰਡਿਆਂ ਨਾਲ ਸਜੇ ਆਪਣੇ ਵਾਹਨਾਂ ਨਾਲ ਖਾਲਸਾਈ ਰੰਗਤ ਵਿੱਚ ਰੰਗੀ ਹੋਈ ਹੈ।

ਕੀਰਤਪੁਰ ਸਾਹਿਬ ਦੇ ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਕੋਟ ਸਾਹਿਬ, ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਤੀਰ ਸਾਹਿਬ, ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਤੇ ਦਰਗਾਹ ਬਾਬਾ ਬੁੱਢਣ ਸ਼ਾਹ ਵਿੱਚ ਸਾਰਾ ਦਿਨ ਰੌਣਕਾਂ ਲੱਗੀਆਂ ਰਹੀਆਂ।

ਪੁਲੀਸ ਪ੍ਰਸ਼ਾਸਨ ਨੇ ਸੰਗਤ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ। ਪਿਛਲੀ ਵਾਰ ਨਾਲੋਂ ਇਸ ਵਾਰ ਵਧੇਰੇ ਸੰਗਤ ਦੇ ਆਉਣ ਦੀ ਸੰਭਾਵਨਾ ਤਹਿਤ ਤਿਆਰੀਆਂ ਕੀਤੀਆਂ ਗਈਆਂ ਹਨ। ਸਰੋਵਰ, ਗੁਰਦੁਆਰਿਆਂ ਤੇ ਸਰਾਵਾਂ ਨੂੰ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ ਕਾਰ ਸੇਵਾ ਵਾਲਿਆਂ ਨੇ ਰੰਗ ਰੋਗਨ ਦੀ ਸੇਵਾ ਕੀਤੀ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਵਿਸ਼ੇਸ਼ ਸਟਾਲ ਲਗਾਇਆ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇੱਕ ਕਿਊਆਰ ਕੋਡ ਜਾਰੀ ਕੀਤਾ ਹੈ ਤੇ ਇਸ ਦੇ ਨਾਲ ਹੀ ਦੋ ਹੈਲਪ ਲਾਈਨ ਨੰਬਰ ਵੀ ਕਾਰਜਸ਼ੀਲ ਰੱਖੇ ਗਏ ਹਨ।

Add a Comment

Your email address will not be published. Required fields are marked *