ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ਮੁਆਫ਼

ਚੰਡੀਗੜ੍ਹ :  ਹਰਿਆਣਾ ਸਰਕਾਰ ਨੇ ਡੇਰਾ ਮੁਖੀ ਰਾਮ ਰਹੀਮ ਦੀ 90 ਦਿਨਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ। ਸਰਕਾਰ ਨੇ ਗਣਤੰਤਰ ਦਿਵਸ ’ਤੇ ਫ਼ੈਸਲਾ ਕੀਤਾ ਹੈ ਕਿ 10 ਸਾਲ ਤੋਂ ਵੱਧ ਦੀ ਸਜ਼ਾ ਵਾਲੇ ਕੈਦੀਆਂ ਨੂੰ 3 ਮਹੀਨੇ ਦੀ ਛੋਟ ਦਿੱਤੀ ਜਾਵੇਗੀ। ਫ਼ਿਲਹਾਲ ਰਾਮ ਰਹੀਮ ਪੈਰੋਲ ’ਤੇ ਬਾਹਰ ਹੈ।

ਰਾਜ ਵਿੱਚ ਅਪਰਾਧਿਕ ਅਧਿਕਾਰ ਖੇਤਰ ਦੀਆਂ ਅਦਾਲਤਾਂ ਵਲੋਂ ਸਜ਼ਾਵਾਂ ਕੱਟ ਰਹੇ ਕੈਦੀਆਂ ਨੂੰ ਗਣਤੰਤਰ ਦਿਵਸ ’ਤੇ 3 ਮਹੀਨਿਆਂ ਦੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਉਮਰ ਕੈਦ,10 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਵਾਲੇ ਅਪਰਾਧੀਆਂ ਨੂੰ 90 ਦਿਨ ਅਤੇ 5 ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਦੀ ਸਜ਼ਾ ਵਾਲੇ ਅਪਰਾਧੀਆਂ ਨੂੰ 60 ਦਿਨ ਦੀ ਛੋਟ ਦਿੱਤੀ ਜਾਏਗੀ। ਪੰਜ ਸਾਲ ਤੋਂ ਘੱਟ ਦੀ ਸਜ਼ਾ ਵਾਲੇ ਕੈਦੀਆਂ ਨੂੰ 30 ਦਿਨਾਂ ਦੀ ਛੋਟ ਦਿੱਤੀ ਜਾਵੇਗੀ।

ਐਡਵੋਕੇਟ ਧਾਮੀ ਵੱਲੋਂ ਪੈਰੋਲ ਮਿਲਣ ਤੇ ਕਿਰਪਾਨ ਨਾਲ ਕੇਕ ਕੱਟਣ ਦਾ ਵਿਰੋਧ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਅਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨਾਲ ਕੇਕ ਕੱਟਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਰਾਮ ਰਹੀਮ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸੂਬੇ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਦਾ ਯਤਨ ਕਰ ਰਿਹਾ ਹੈ ਅਤੇ ਸਰਕਾਰਾਂ ਸ਼ਾਂਤ ਹਨ।

ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਰਾਮ ਰਹੀਮ ਨੂੰ ਸਾਧਵੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ। ਪਿਛਲੇ ਸਾਲ ਉਸਨੂੰ 3 ਵਾਰ ਪੈਰੋਲ ਮਿਲੀ ਸੀ। ਪਿਛਲੀ ਵਾਰ ਰਾਮ ਰਹੀਮ ਨੂੰ ਅਕਤੂਬਰ 2022 ’ਚ 40 ਦਿਨਾਂ ਦੀ ਪੈਰੋਲ ਮਿਲੀ ਸੀ ਅਤੇ ਇਸ ਪੈਰੋਲ ਦੌਰਾਨ ਉਸਨੇ ਆਨਲਾਈਨ ਸਤਿਸੰਗ ਵੀ ਕੀਤਾ ਸੀ ਜਿਸ ਨੂੰ ਲੈ ਕੇ ਸਿਆਸਤ ਕਾਫ਼ੀ ਗਰਮਾ ਗਈ ਸੀ। ਇਕ ਵਾਰ ਫਿਰ ਰਾਮ ਰਹੀਮ 40 ਦਿਨਾਂ ਦੀ ਪੈਰੋਲ ‘ਤੇ ਹੈ ਅਤੇ ਕਿਰਪਾਨ ਨਾਲ ਕੇਕ ਕੱਟਣ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਿਆ ਹੈ। 

Add a Comment

Your email address will not be published. Required fields are marked *