ਚੀਨੀ ਘੁਸਪੈਠ ’ਤੇ ਚਰਚਾ ਨਾ ਕਰਾਉਣਾ ਲੋਕਤੰਤਰ ਦਾ ਨਿਰਾਦਰ: ਸੋਨੀਆ

ਨਵੀਂ ਦਿੱਲੀ, 21 ਦਸੰਬਰ-: ਕਾਂਗਰਸ ਆਗੂ ਸੋਨੀਆ ਗਾਂਧੀ ਨੇ ਅੱਜ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ, ‘ਇਹ ਜ਼ਿੱਦੀ ਢੰਗ ਨਾਲ’ ਸੰਸਦ ਵਿਚ ਭਾਰਤ-ਚੀਨ ਸਰਹੱਦੀ ਵਿਵਾਦ ਉਤੇ ਵਿਚਾਰ-ਚਰਚਾ ਤੋਂ ਮੁੱਕਰ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਗੰਭੀਰ ਚਿੰਤਾ ਵਾਲੇ ਮਾਮਲਿਆਂ ਉਤੇ ਚੁੱਪ ਧਾਰਨਾ ਇਸ ਸਰਕਾਰ ਦੀ ਵਿਸ਼ੇਸ਼ਤਾ ਬਣ ਗਿਆ ਹੈ। ਸੋਨੀਆ ਗਾਂਧੀ ਨੇ ਅੱਜ ਕਾਂਗਰਸ ਸੰਸਦੀ ਦਲ ਦੀ ਜਨਰਲ ਬਾਡੀ ਮੀਟਿੰਗ ਵਿਚ ਮੈਂਬਰਾਂ ਨੂੰ ਸੰਬੋਧਨ ਕੀਤਾ। ਸਰਹੱਦ ’ਤੇ ਬਣੀ ਸਥਿਤੀ ਦਾ ਹਵਾਲਾ ਦਿੰਦਿਆਂ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਿਹੇ ਗੰਭੀਰ ਮੁੱਦੇ ਉਤੇ ਸੰਸਦ ਵਿਚ ਚਰਚਾ ਦੀ ਇਜਾਜ਼ਤ ਨਾ ਦੇਣਾ, ‘ਸਾਡੇ ਲੋਕਤੰਤਰ ਦੇ ਨਿਰਾਦਰ ਦੇ ਬਰਾਬਰ ਹੈ ਤੇ ਇਸ ਵਿਚੋਂ ਸਰਕਾਰ ਦੇ ਮਾੜੇ ਇਰਾਦਿਆਂ ਦੀ ਵੀ ਝਲਕ ਪੈਂਦੀ ਹੈ।’ ਸੋਨੀਆ ਨੇ ਕਿਹਾ ਕਿ ਦੋਸਤਾਨਾ ਵਿਚਾਰ-ਚਰਚਾ ਮੁਲਕ ਦੇ ਹੁੰਗਾਰੇ ਨੂੰ ਮਜ਼ਬੂਤ ਕਰਦੀ ਹੈ ਤੇ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਆਪਣੀਆਂ ਨੀਤੀਆਂ ਤੇ ਕਾਰਵਾਈਆਂ ਬਾਰੇ ਦੱਸੇ। ਕਾਂਗਰਸ ਆਗੂ ਨੇ ਕਿਹਾ ਕਿ ਦੇਸ਼ ਉਨ੍ਹਾਂ ਚੌਕਸ ਸੈਨਿਕਾਂ ਦੇ ਨਾਲ ਖੜ੍ਹਾ ਹੈ ਜੋ ਚੀਨ ਦੇ ਹਮਲਾਵਰ ਰੁਖ਼ ਦਾ ਮੁਸ਼ਕਲ ਹਾਲਤਾਂ ਵਿਚ ਡੱਟ ਕੇ ਸਾਹਮਣਾ ਕਰ ਰਹੇ  ਹਨ। ਗਾਂਧੀ ਨੇ ਕਿਹਾ ਕਿ ਜਦ ਮੁਲਕ ਅੱਗੇ ਕੋਈ ਵੱਡੀ ਚੁਣੌਤੀ ਬਣਦੀ ਹੈ ਤਾਂ ਇਹ ਸਾਡੇ ਦੇਸ਼ ਦੀ ਰਵਾਇਤ ਰਹੀ ਹੈ ਕਿ ਅਸੀਂ ਸੰਸਦ ਨੂੰ ਭਰੋਸੇ ਵਿਚ ਲੈਂਦੇ ਹਾਂ। ਪਰ ਇਹ ਸਰਕਾਰ ਜ਼ਿੱਦੀ ਰਵੱਈਆ ਅਖ਼ਤਿਆਰ ਕਰ ਕੇ ਚਰਚਾ ਤੋਂ ਮੁੱਕਰ ਰਹੀ ਹੈ, ਨਤੀਜੇ ਵਜੋਂ ਸੰਸਦ, ਸਿਆਸੀ ਪਾਰਟੀਆਂ ਤੇ ਲੋਕ ਜ਼ਮੀਨੀ ਹਕੀਕਤਾਂ ਤੋਂ ਹਨੇਰੇ ਵਿਚ ਹਨ। ਸੋਨੀਆ ਨੇ ਨਾਲ ਹੀ ਕਿਹਾ ਕਿ ਚਰਚਾ ਨਾ ਕਰਾਉਣ ਦੇ ਨਾਲ ਹੀ ਇਹ ਸਰਕਾਰ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਤੇ ਮੀਡੀਆ ਨੂੰ ਆਪਣੇ ਢੰਗ ਨਾਲ ਚਲਾ ਕੇ ਹੋਰਨਾਂ ਸੰਸਥਾਵਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੇਵਲ ਕੇਂਦਰ ਵਿਚ ਹੀ ਨਹੀਂ, ਬਲਕਿ ਹਰ ਸੂਬੇ ਵਿਚ ਹੋ ਰਿਹਾ ਹੈ ਜਿੱਥੇ ਭਾਜਪਾ ਦਾ ਰਾਜ ਹੈ। ਸੋਨੀਆ ਨੇ ਨਾਲ ਹੀ ਦੋਸ਼ ਲਾਇਆ ਕਿ ਵੰਡਪਾਊ ਨੀਤੀਆਂ ਲਾਗੂ ਕਰ ਕੇ ਸਰਕਾਰ ਨੇ ਨਫ਼ਰਤ ਫੈਲਾਈ ਹੈ ਤੇ ਸਮਾਜ ਦੇ ਕੁਝ ਵਰਗਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਹੈ। ਅਜਿਹੇ ਵਿਚ ਦੇਸ਼ ਲਈ ਇਕਜੁੱਟ ਹੋ ਕੇ ਵਿਦੇਸ਼ੀ ਖ਼ਤਰਿਆਂ ਵਿਰੁੱਧ ਖੜ੍ਹਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵੰਡ ਦੇਸ਼ ਨੂੰ ਕਮਜ਼ੋਰ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਚਾਰ-ਚਰਚਾ ਇਸ ਗੱਲ ਉਤੇ ਰੌਸ਼ਨੀ ਪਾਏਗੀ ਕਿ ਕਿਉਂ ਚੀਨ ਵਾਰ-ਵਾਰ ਹਮਲਾਵਰ ਰੁਖ਼ ਅਪਣਾ ਰਿਹਾ ਹੈ ਤੇ ਇਨ੍ਹਾਂ ਹਮਲਿਆਂ ਦਾ ਟਾਕਰਾ ਕਰਨ ਲਈ ਕੀ ਤਿਆਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਭਵਿੱਖੀ ਤਿਆਰੀਆਂ ਬਾਰੇ ਵੀ ਦੇਸ਼ ਨੂੰ ਜਾਣਕਾਰੀ ਹੋਵੇਗੀ। ਇਸ ਤੋਂ ਇਲਾਵਾ ਚਰਚਾ ਵਿਚ ਸਾਡੀ ਇਸ ਮਾਮਲੇ ਵਿਚ ਕੂਟਨੀਤਕ ਪਹੁੰਚ ਵੀ ਉੱਭਰੇਗੀ। ਚੀਨ ਤੋਂ ਲਗਾਤਾਰ ਵਧੀ ਦਰਾਮਦ ਤੇ ਇਸ ਮੋਰਚੇ ਉਤੇ ਦੇਸ਼ ਦੇ ਆਰਥਿਕ ਜਵਾਬ ਦਾ ਮੁੱਦਾ ਵੀ ਸੋਨੀਆ ਨੇ ਉਭਾਰਿਆ। ਸੋਨੀਆ ਨੇ ਨਾਲ ਹੀ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਵਿਚ ਮਹਿੰਗਾਈ ਤੇ ਬੇਰੁਜ਼ਗਾਰੀ ਵਧਦੀ ਹੀ ਜਾ ਰਹੀ ਹੈ। ਛੋਟੇ ਕਾਰੋਬਾਰ ਹੋਂਦ ਲਈ ਜੂਝ ਰਹੇ ਹਨ ਤੇ ਕਿਸਾਨ ਵੀ ਖੇਤੀ ਖ਼ਰਚਿਆਂ ਦੀ ਵਧਦੀ ਮਾਰ ਝੱਲ ਰਹੇ ਹਨ। ਸੋਨੀਆ ਨੇ ਇਸ ਮੌਕੇ ਕਿਹਾ ਕਿ ਪਾਰਟੀ ਦੀ ਭਾਰਤ ਜੋੜੋ ਯਾਤਰਾ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ।

Add a Comment

Your email address will not be published. Required fields are marked *