ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦਾ ਬੇੜਾ ਗਰਕ ਕਰਨ ’ਚ ਕੋਈ ਕਸਰ ਨਹੀਂ ਛੱਡੀ : ਰਾਜਾ ਵੜਿੰਗ

ਪਟਿਆਲਾ – ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਇਕ ਕਮਰਸ਼ੀਅਲ ਸੀ. ਐੱਮ. ਸੀ, ਜਿਸ ਕਾਰਨ ਪੰਜਾਬ ਕਾਂਗਰਸ ਵਿਧਾਨ ਸਭਾ ’ਚ ਹਾਰੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਕਾਂਗਰਸ ਦਾ ਬੇੜਾ ਗਰਕ ਕਰਨ ’ਚ ਕੋਈ ਕਸਰ ਨਹੀਂ ਛੱਡੀ। ਰਾਜਾ ਵੜਿੰਗ ਅੱਜ ਇੱਥੇ ਹੋ ਰਹੇ ਸਮਾਗਮ ਦੌਰਾਨ ਪਟਿਆਲਾ ਹਲਕਾ ਦੇ ਇੰਚਾਰਜ ਵਿਸ਼ਨੂੰ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕਰਨ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਰਾਜਾ ਵੜਿੰਗ ਨੇ ਆਖਿਆ ਕਿ ਕਮਰਸ਼ੀਅਲ ਮੁੱਖ ਮੰਤਰੀ ਆਪਣੇ ਹਿੱਤਾਂ ਨੂੰ ਮੁੱਖ ਰੱਖਦਿਆਂ ਪਾਰਟੀਆਂ ਬਦਲਣ ਦਾ ਸ਼ੌਕੀਨ ਰਿਹਾ ਹੈ। ਇਨ੍ਹਾਂ ਧਨਾਢ ਲੋਕਾਂ ਨੇ ਕਦੇ ਵੀ ਕਾਂਗਰਸੀ ਵਰਕਰਾਂ ਦੀ ਗੱਲ ਨਹੀਂ ਸੁਣੀ, ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਕਰਾਰੀ ਹਾਰ ਦੇ ਰੂਪ ’ਚ ਸਹਿਣਾ ਪਿਆ ਹੈ।

ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪਾਕਿਸਤਾਨ ਸ਼ੁਰੂ ਤੋਂ ਹੀ ਪੰਜਾਬ ਦੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਸੂਬਾ ਤੇ ਕੇਂਦਰ ਸਰਕਾਰ ਨੂੰ ਅਜਿਹੇ ਮੁੱਦਿਆਂ ’ਤੇ ਸਿਆਸਤ ਛੱਡ ਕੇ ਮਾਹੌਲ ਨੂੰ ਠੀਕ ਕਰਨ ਦੇ ਯਤਨ ਕਰਨ ਦੀ ਲੋੜ ਹੈ। ਇਸ ਮੌਕੇ ਦਿਹਾਤੀ ਪ੍ਰਧਾਨ ਮਹੰਤ ਖਨੌੜਾ, ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ, ਸੀਨੀਅਰ ਮੀਤ ਪ੍ਰਧਾਨ ਗੋਪਾਲ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਦਿਹਾਤੀ ਰਿੱਕੀ ਮਾਨ, ਹਲਕਾ ਇੰਚਾਰਜ ਸਨੌਰ ਹਰਿੰਦਰਪਾਲ ਸਿੰਘ ਹੈਰੀਮਾਨ, ਅਸ਼ਵਨੀ ਬੱਤਾ ਚੇਅਰਮੈਨ ਬਲਾਕ ਸੰਮਤੀ ਸਨੌਰ, ਹਰਦੀਪ ਸਿੰਘ ਜੋਸਨ ਸੀਨੀਅਰ ਵਾਈਸ ਚੇਅਰਮੈਨ ਬੀ. ਸੀ. ਸੈੱਲ ਪੰਜਾਬ, ਗੁਰਦੇਵ ਸਿੰਘ ਪੂਨੀਆ ਸਾਬਕਾ ਕੌਂਸਲਰ, ਪਵਨ ਨਾਗਰਥ ਸੀਨੀਅਰ ਕਾਂਗਰਸੀ ਨੇਤਾ, ਵਿਨੋਦ ਅਰੋੜਾ ਕਾਲੂ ਪ੍ਰਧਾਨ ਤੇ ਹੋਰ ਵੀ ਨੇਤਾ ਹਾਜ਼ਰ ਸਨ।

ਹਲਕਾ ਪਟਿਆਲਾ ਦੇ ਇੰਚਾਰਜ ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ ਹੋ ਰਹੀ ਹੈ। ਰਾਜਾ ਵੜਿੰਗ ਨੇ ਵਰਕਰਾਂ ਨੂੰ ਸੰਭਾਲਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਹੈ, ਉਸ ਨੇ ਪੰਜਾਬ ਅੰਦਰ ਕਾਂਗਰਸ ਨੂੰ ਸੰਭਾਲ ਲਿਆ ਹੈ। ਇਸ ਦੇ ਸ਼ਾਨਦਾਰ ਨਤੀਜੇ ਆਉਣ ਵਾਲੇ ਸਮੇਂ ’ਚ ਸਾਹਮਣੇ ਹੋਣਗੇ। ਉਨ੍ਹਾਂ ਆਖਿਆ ਕਿ ‘ਭਾਰਤ ਜੋੜੋ’ ਯਾਤਰਾ ’ਚ ਹਜ਼ਾਰਾਂ ਪਟਿਆਲਵੀ ਹਿੱਸਾ ਲੈਣਗੇ ਤੇ ਇਸ ਨੂੰ ਸਫ਼ਲ ਕਰਨਗੇ। ਉਨ੍ਹਾਂ ਆਖਿਆ ਕਿ ‘ਭਾਰਤ ਜੋੜੋ’ ਯਾਤਰਾ ਲਈ ਵਿਸ਼ੇਸ਼ ਤੌਰ ’ਤੇ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਆਦੇਸ਼ ਦਿੱਤੇ ਹਨ ਕਿ ਇਸ ਦੀ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਕੀਤੀ ਜਾਵੇ।

Add a Comment

Your email address will not be published. Required fields are marked *