ਰਾਹੁਲ ਨੇ ਲਾਲ ਚੌਕ ’ਚ ਲਹਿਰਾਇਆ ਤਿਰੰਗਾ

ਸ੍ਰੀਨਗਰ, 29 ਜਨਵਰੀ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਦੇ ਆਖਰੀ ਪੜਾਅ ਤਹਿਤ ਅੱਜ ਸ੍ਰੀਨਗਰ ਦੇ ਇਤਿਹਾਸਕ ਲਾਲ ਚੌਕ ਵਿੱਚ ਤਿਰੰਗਾ ਝੰਡਾ ਲਹਿਰਾਇਆ। ਉਨ੍ਹਾਂ ਕਿਹਾ ਕਿ ਦੇਸ਼ ਨਾਲ ਕੀਤਾ ਗਿਆ ਇਕ ‘ਵਾਅਦਾ’ ਪੂਰਾ ਹੋ ਗਿਆ ਹੈ। ਕਰੀਬ 10 ਮਿੰਟ ਦੇ ਸਮਾਗਮ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਚੌਕ ਦੇ ਇਕ ਕਿਲੋਮੀਟਰ ਦੇ ਘੇਰੇ ’ਚ ਆਉਂਦੀਆਂ ਸੜਕਾਂ ਨੂੰ ਸ਼ਨਿਚਰਵਾਰ ਰਾਤ ਤੋਂ ਹੀ ਸੀਲ ਕਰ ਦਿੱਤਾ ਗਿਆ ਸੀ। ਇਲਾਕੇ ਦੀਆਂ ਸਾਰੀਆਂ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਸੀ ਅਤੇ ਬੈਰੀਕੇਡ ਲਗਾ ਕੇ ਸੁਰੱਖਿਆ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਸੀ। ਕਾਂਗਰਸ ਆਗੂ ਰਾਹੁਲ ਗਾਧੀ ਨੇ ਭੈਣ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਸ੍ਰੀਨਗਰ ਦੇ ਪਾਂਠਾ ਚੌਕ ਤੋਂ ਕਰੀਬ ਪੌਣੇ 11 ਵਜੇ ਯਾਤਰਾ ਦਾ ਆਖਰੀ ਪੜਾਅ ਸ਼ੁਰੂ ਕੀਤਾ। ਸੋਨਵਾਰ ’ਚ ਯਾਤਰਾ ਦੇ ਪਹੁੰਚਣ ਮਗਰੋਂ ਰਾਹੁਲ, ਪ੍ਰਿਯੰਕਾ ਅਤੇ ਹੋਰ ਸੀਨੀਅਰ ਆਗੂ ਐੱਮ ਏ ਰੋਡ ਸਥਿਤ ਪਾਰਟੀ ਦੇ ਹੈੱਡਕੁਆਰਟਰ ’ਤੇ ਪਹੁੰਚੇ। ਬਾਅਦ ਉਹ ਲਾਲ ਚੌਕ ਵੱਲ ਰਵਾਨਾ ਹੋਏ ਜਿਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਤਿਰੰਗਾ ਲਹਿਰਾਇਆ। ਸਮਾਗਮ ਤੋਂ ਬਾਅਦ ਰਾਹੁਲ ਨੇ ਟਵੀਟ ਕੀਤਾ,‘‘ਲਾਲ ਚੌਕ ’ਤੇ ਤਿਰੰਗਾ ਲਹਿਰਾ ਕੇ ਭਾਰਤ ਨਾਲ ਕੀਤਾ ਗਿਆ ਵਾਅਦਾ ਅੱਜ ਪੂਰਾ ਹੋ ਗਿਆ ਹੈ। ਨਫ਼ਰਤ ਦੀ ਹਾਰ ਅਤੇ ਮੁਹੱਬਤ ਦੀ ਹਮੇਸ਼ਾ ਜਿੱਤ ਹੋਵੇਗੀ। ਦੇਸ਼ ’ਚ ਆਸ ਦੀ ਨਵੀਂ ਕਿਰਨ ਫੁੱਟੇਗੀ।’’ ਇਸ ਮਗਰੋਂ ਪ੍ਰੈੱਸ ਕਾਨਫਰੰਸ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਚੀਨ ਨਾਲ ਕਰੜੇ ਹੱਥੀਂ ਸਿੱਝਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕ ਚੀਨ ਨੂੰ ਮੁਲਕ ਦੀ ਜ਼ਮੀਨ ’ਤੇ ਕਬਜ਼ੇ ਨੂੰ ਕਦੇ ਵੀ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਤੱਥ ਨੂੰ ਨਕਾਰ ਰਹੀ ਹੈ ਜੋ ਖ਼ਤਰਨਾਕ ਰੁਝਾਨ ਹੈ। ਰਾਹੁਲ ਨੇ ਕਿਹਾ ਕਿ ਸਾਬਕਾ ਸੈਨਿਕਾਂ ਅਤੇ ਲੱਦਾਖ ਦੇ ਵਫ਼ਦ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਕਿਹਾ ਹੈ ਕਿ ਚੀਨ ਨੇ 2000 ਸਕੁਏਅਰ ਕਿਲੋਮੀਟਰ ਭਾਰਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਗਸ਼ਤੀ ਨਾਕੇ ਵੀ ਚੀਨ ਦੇ ਹੱਥਾਂ ’ਚ ਚਲੇ ਗਏ ਹਨ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠਲੀ ਭਾਰਤ ਜੋੜੋ ਯਾਤਰਾ ਨੇ ਦੇਸ਼ ਦੇ ਹਰ ਕੋਨੇ ’ਚ ਮੁਹੱਬਤ ਦਾ ਪੈਗਾਮ ਫੈਲਾਇਆ ਹੈ। ਉਨ੍ਹਾਂ ਪਾਰਟੀ ਸਮਰਥਕਾਂ ਨੂੰ ਕਿਹਾ ਕਿ ਉਹ ਦੇਸ਼ ਨੂੰ ਅਗਾਂਹ ਲਿਜਾਣ ਲਈ ਇਕੱਠੇ ਹੋਣ। ਵਾਡਰਾ ਨੇ ਟਵੀਟ ਕਰਕੇ ਕਿਹਾ,‘‘ਅੱਜ ਦਾ ਦਿਨ ਸਾਡੇ ਸਾਰਿਆਂ ਲਈ ਇਤਿਹਾਸਕ ਪਲ ਹੈ। ਕਰੋੜਾਂ ਲੋਕਾਂ ਦੀ ਹਮਾਇਤ ਨਾਲ ਭਾਰਤ ਜੋੜੋ ਯਾਤਰਾ, ਜੋ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ, ਆਪਣੇ ਅੰਤਿਮ ਮੁਕਾਮ ’ਤੇ ਪਹੁੰਚ ਗਈ ਹੈ।’’ ਇਸ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਟਵਿੱਟਰ ’ਤੇ ਕਿਹਾ ਕਿ ਤਿਰੰਗਾ ਸੋਮਵਾਰ ਨੂੰ ਲਹਿਰਾਏ ਜਾਣ ਦੀ ਯੋਜਨਾ ਸੀ ਪਰ ਇਸ ਨੂੰ ਇਕ ਦਿਨ ਪਹਿਲਾਂ ਲਹਿਰਾਇਆ ਗਿਆ। ਜੈਰਾਮ ਰਮੇਸ਼ ਨੇ ਕਿਹਾ,‘‘ਰਾਹੁਲ ਗਾਂਧੀ ਨੇ ਪੀਸੀਸੀ ਦਫ਼ਤਰ ’ਤੇ 30 ਜਨਵਰੀ ਨੂੰ ਤਿਰੰਗਾ ਲਹਿਰਾਉਣਾ ਸੀ ਕਿਉਂਕਿ ਇਹ ਕਿਤੇ ਹੋਰ ਲਹਿਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਸ਼ਨਿਚਰਵਾਰ ਸ਼ਾਮ ਪ੍ਰਸ਼ਾਸਨ ਨੇ ਲਾਲ ਚੌਕ ’ਤੇ ਝੰਡਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਪਰ ਇਹ ਸ਼ਰਤ ਲਾਈ ਗਈ ਕਿ ਤਿਰੰਗਾ ਭਾਰਤ ਜੋੜੋ ਯਾਤਰਾ ਦੇ ਅਖੀਰ ’ਤੇ 29 ਜਨਵਰੀ ਨੂੰ ਲਹਿਰਾਇਆ ਜਾਵੇ।’’ ਕੰਨਿਆਕੁਮਾਰੀ ਤੋਂ ਪਿਛਲੇ ਸਾਲ 7 ਸਤੰਬਰ ਨੂੰ ਸ਼ੁਰੂ ਹੋਈ ਯਾਤਰਾ ਸੋਮਵਾਰ ਨੂੰ ਇੱਥੇ ਕਾਂਗਰਸ ਦਫ਼ਤਰ ’ਤੇ ਝੰਡਾ ਲਹਿਰਾਉਣ ਨਾਲ ਸਮਾਪਤ ਹੋਵੇਗੀ।

Add a Comment

Your email address will not be published. Required fields are marked *