ਪੈਰਿਸ ’ਚ 28 ਤਾਰੀਖ਼ ਨੂੰ ਹੋਵੇਗੀ ਵਿਰਾਸਤੀ ਫਰਨੀਚਰ ਦੀ ਨਿਲਾਮੀ, ਫਰੈਂਚ ਟੀਮ ਨੂੰ ਦਿੱਤੀ ਸ਼ਿਕਾਇਤ

ਚੰਡੀਗੜ੍ਹ : ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਸੁਰੱਖਿਆ, ਸੰਭਾਲ ਅਤੇ ਬਹਾਲੀ ਲਈ ਕਾਰਜ ਯੋਜਨਾ ਤਿਆਰ ਕਰਨ ਲਈ ਫਰਾਂਸ ਤੋਂ ਅਧਿਕਾਰੀਆਂ ਦੀ ਟੀਮ ਚੰਡੀਗੜ੍ਹ ਪਹੁੰਚ ਗਈ ਹੈ। ਦੂਜੇ ਪਾਸੇ ਵਿਦੇਸ਼ਾਂ ‘ਚ ਵਿਰਾਸਤੀ ਫਰਨੀਚਰ ਦੀ ਨਿਲਾਮੀ ਦਾ ਦੌਰ ਚੱਲ ਰਿਹਾ ਹੈ, ਜੋ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ 28 ਨਵੰਬਰ ਨੂੰ ਪੈਰਿਸ ‘ਚ ਵਿਰਾਸਤੀ ਫਰਨੀਚਰ ਦੀ ਨਿਲਾਮੀ ਹੋਣ ਜਾ ਰਹੀ ਹੈ ਅਤੇ ਇਸ ਸਬੰਧੀ ਐਡਵੋਕੇਟ ਜੱਗਾ ਨੇ ਫਰਾਂਸ ਦੀ ਟੀਮ ‘ਚ ਸ਼ਾਮਲ ਜੁਡੀਸ਼ੀਅਲ ਪੁਲਸ ਅਧਿਕਾਰੀ ਨੈਥਲੀ ਨੂੰ ਸ਼ਿਕਾਇਤ ਦਿੱਤੀ ਹੈ।

ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਵਸਤਾਂ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਵਰਤੇ ਗਏ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ। ਨਿਲਾਮੀ ਰੋਕਣ ਲਈ ਢੁੱਕਵੇਂ ਕਦਮ ਚੁੱਕੇ ਜਾਣ। ਨਿਲਾਮੀ ਲਈ ਜੋ ਵਸਤੂਆਂ ਰੱਖੀਆਂ ਜਾਣਗੀਆਂ, ਉਨ੍ਹਾਂ ‘ਚ ਡਾਇਨਿੰਗ ਟੇਬਲ, ਦਫ਼ਤਰ ਦੀਆਂ ਕੁਰਸੀਆਂ, ਬੈਂਚ, ਡਰੈਸਿੰਗ ਟੇਬਲ ਅਤੇ ਹੋਰ ਸਮਾਨ ਸ਼ਾਮਲ ਹੈ। ਇਨ੍ਹਾਂ ਵਸਤਾਂ ਦੀ ਕੁੱਲ ਕੀਮਤ 94 ਲੱਖ ਤੋਂ 1.49 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।

ਜੱਗਾ ਨੇ ਦੱਸਿਆ ਕਿ ਵਿਰਾਸਤੀ ਫਰਨੀਚਰ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਕਰੋੜਾਂ ਰੁਪਏ ਦੀ ਆਮਦਨ ਦਾ ਨੁਕਸਾਨ ਹੋ ਰਿਹਾ ਹੈ। ਜੱਗਾ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਵਿਰਾਸਤੀ ਫਰਨੀਚਰ ਦੀ ਅਜਿਹੀ ਨਿਲਾਮੀ ਨੂੰ ਰੋਕਣ ਦੇ ਨਾਲ-ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਫਰਨੀਚਰ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Add a Comment

Your email address will not be published. Required fields are marked *