ਇੰਗਲੈਂਡ ਜਾਣ ਦਾ ਪ੍ਰੋਗਰਾਮ ਬਣਾ ਰਹੇ ਜ਼ਰੂਰ ਪੜ੍ਹਨ ਇਹ ਖ਼ਬਰ, ਗੁਰਦੁਆਰਾ ਸਾਹਿਬ ਤੋਂ ਹੋ ਰਹੀਆਂ ਬੇਨਤੀਆਂ

ਲੰਡਨ : ਭਾਰਤ ਤੇ ਇੰਗਲੈਂਡ ਵਿਚਕਾਰ ਇਮੀਗ੍ਰੇਸ਼ਨ ਨਿਯਮ ਨਰਮ ਹੋਣ ਤੋਂ ਬਾਅਦ ਭਾਰਤੀ ਵਿਦਿਆਰਥੀ ਵੱਡੀ ਗਿਣਤੀ ਵਿੱਚ ਇੰਗਲੈਂਡ ਜਾ ਰਹੇ ਹਨ। ਲੰਡਨ ਹੀਥਰੋ ਵਿਖੇ ਹਰ ਰੋਜ਼ ਵਿਦਿਆਰਥੀ ਪਹੁੰਚਦੇ ਹਨ ਜਿਸ ਨੂੰ ਵੇਖਦਿਆਂ ਬਹੁਤਾਤ ਏਸ਼ੀਅਨ ਲੋਕਾਂ ਵੱਲੋਂ ਲਾਲਚ ਵੱਸ ਘਰਾਂ ਦੇ ਕਿਰਾਏ ਦੁੱਗਣੇ-ਤਿਗਣੇ ਕਰ ਦਿੱਤੇ ਗਏ ਹਨ। ਅਜਿਹਾ ਕਰਕੇ ਜਿੱਥੇ ਵਿਦਿਆਰਥੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਉੱਥੇ ਹੀ ਏਜੰਟਾਂ ਨੂੰ ਮੋਟੀਆਂ ਫ਼ੀਸਾਂ ਦੇਣ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਨੂੰ ਸੜਕਾਂ ’ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਭਾਰਤ ਤੋਂ ਲੰਡਨ ਆ ਰਹੇ ਜ਼ਿਆਦਾਤਰ ਵਿਦਿਆਰਥੀ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਆਦਿ ਸੂਬਿਆਂ ਨਾਲ ਸਬੰਧਤ ਆਪਣੇ ਪਰਿਵਾਰਾਂ ਨਾਲ ਹਰ ਰੋਜ਼ ਹਵਾਈ ਜਹਾਜ਼ ਰਾਹੀਂ ਉਤਰਦੇ ਹੀ ਲੰਡਨ ਦੇ ਸਲੋਹ, ਸਾਊਥਾਲ, ਹੇਜ਼, ਹੰਸਲੋ ਆਦਿ ਸ਼ਹਿਰਾਂ ਵਿਚ ਆ ਰਹੇ ਹਨ। ਜ਼ਿਕਰਯੋਗ ਹੈ ਕਿ ਬਹੁਤੇ ਪਾੜ੍ਹੇ ਚੜ੍ਹਦੀ ਜਵਾਨੀ ਵਿਚ ਹੀ ਮੋਟਾ ਕਰਜ਼ਾ ਚੁੱਕ, ਵਿਆਹ ਕਰਵਾ ਕੇ ਮੁੰਡੇ-ਕੁੜੀਆਂ ਇਕ-ਦੂਜੇ ਉੱਪਰ ਨਿਰਭਰ ਹੋ ਕੇ ਆ ਰਹੇ ਹਨ, ਜਿਨ੍ਹਾਂ ਦਾ ਵਿਦੇਸ਼ੀ ਧਰਤੀ ’ਤੇ ਕੋਈ ਜਾਣ-ਪਛਾਣ ਵਾਲਾ ਤੱਕ ਵੀ ਨਹੀਂ ਹੁੰਦਾ ਹੈ। ਬਹੁਤਾਤ ਪਾੜ੍ਹਿਆ ਦੇ ਆਉਣ ਨਾਲ ਏਸ਼ੀਅਨ ਲੋਕ, ਜਿਨ੍ਹਾਂ ਕੋਲ ਪੁਰਾਣੇ ਘਰ ਹਨ ਤੇ ਵਿਦਿਆਰਥੀ ਕਿਰਾਏਦਾਰਾਂ ਕੋਲ ਮਨ-ਮਰਜ਼ੀ ਦਾ ਕਿਰਾਇਆ ਵਸੂਲ ਰਹੇ ਹਨ, ਜਿਸ ਵਿਚ ਇਕ ਸਭ ਤੋਂ ਛੋਟੇ ਕਮਰੇ ਦਾ ਕਿਰਾਇਆ 800 ਤੋਂ 900 ਪੌਂਡ ਭਾਰਤੀ ਕਰੰਸੀ ਮੁਤਾਬਕ 90 ਹਜ਼ਾਰ ਰੁਪਏ ਕਿਰਾਇਆ ਮੰਗਿਆ ਜਾ ਰਿਹਾ ਹੈ ਤੇ 3 ਬੈੱਡ ਰੂਮ ਦਾ ਘਰ ਭਾਰਤੀ ਕਰੰਸੀ ਮੁਤਾਬਕ 4 ਲੱਖ ਤੋਂ ਉੱਪਰ ਮਿਲਦਾ ਹੈ।

ਸਾਊਥਾਲ ਦੇ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਨੂੰ ਵਾਰ-ਵਾਰ ਬੇਨਤੀ ਕੀਤੀ ਜਾ ਰਹੀ ਹੈ ਕਿ ਵਿਦਿਆਰਥੀਆਂ ਨੂੰ ਸਸਤੇ ਕਿਰਾਏ ‘ਤੇ ਘਰ ਦਿੱਤੇ ਜਾਣ ਜਾਂ ਇਕੱਲੀਆਂ ਆ ਰਹੀਆਂ ਵਿਦਿਆਰਥਣਾਂ ਨੂੰ ਪਰਿਵਾਰਾਂ ਵਿਚ ਰੱਖਿਆ ਜਾਵੇ ਤਾਂ ਜੋ ਬੱਚੀਆਂ ਦਾ ਕੋਈ ਬਾਹਰੀ ਵਿਅਕਤੀ ਸ਼ੋਸ਼ਣ ਨਾ ਕਰ ਜਾਵੇ। ਬੀਤੇ ਦਿਨੀਂ ਪੰਜਾਬ ਤੋਂ ਆਈਆਂ ਕੁਝ ਮੁਟਿਆਰਾਂ ਵੱਲੋਂ ਇਕ ਮਸ਼ਹੂਰ ਦੁਕਾਨ ਵਿਚ ਕੰਮ ਕਰਨ ਬਦਲੇ ਮਾਲਕਾਂ ਵੱਲੋਂ ਜ਼ਬਰੀ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ‘ਤੇ ਸਿੱਖ ਨੌਜਵਾਨਾਂ, ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਸੀ। ਅਜੇ ਇਹ ਮਸਲਾ ਹੱਲ ਨਹੀਂ ਹੋਇਆ ਤੇ ਇਕ ਬਿਲਡਰ ਵੱਲੋਂ ਵਿਦਿਆਰਥੀ ਕਾਮੇ ਨੂੰ ਕੁੱਟਣ ਦੀ ਵੀਡੀਓ ਵਾਇਰਲ ਹੋ ਗਈ। ਪੰਜਾਬੀਆਂ ਨੂੰ ਆਪਣੇ ਹੀ ਸੂਬੇ ਦੇ ਲੋਕਾਂ ਨਾਲ ਧੱਕਾ ਕਰਨ ਕਾਰਨ ਬਦਨਾਮੀ ਖੱਟਣੀ ਪਈ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਰਤਾਨੀਆ ਹੋਮ ਸੈਕਟਰੀ ਵੱਲੋਂ ਭਾਰਤ ਤੋਂ ਆ ਰਹੇ ਵਿਦਿਆਰਥੀਆਂ ’ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਵਿਦਿਆਰਥੀਆਂ ਨਾਲ ਆ ਰਹੇ ਨਿਰਭਰ ਮੈਂਬਰ ਯੋਗ ਕਾਮੇ ਨਹੀਂ ਹਨ ਪਰ ਸਰਕਾਰ ਡਿੱਗਣ ਕਾਰਨ ਗੱਲ ਆਈ-ਗਈ ਹੋ ਗਈ। ਮੁੜ ਬਣੀ ਸਰਕਾਰ ਵਿਚ ਮੁੜ ਤੋਂ ਆਈ ਹੋਮ ਸੈਕਟਰੀ ਆਉਣ ਵਾਲੇ ਸਮੇਂ ਵਿੱਚ ਕਿਹੜੇ ਨਵੇਂ ਇਮੀਗ੍ਰੇਸ਼ਨ ਰੂਲ ਲਿਆਵੇ, ਵਿਦਿਆਰਥੀਆਂ ’ਤੇ ਅਜੇ ਇਹ ਤਲਵਾਰ ਵੀ ਲਟਕੀ ਹੋਈ ਹੈ।

Add a Comment

Your email address will not be published. Required fields are marked *