ਮੂਸੇਵਾਲਾ ਦੇ ਮਾਪਿਆਂ ਨਾਲ ਨਾਈਜੀਰੀਅਨ ਗਾਇਕ ਬਰਨਾ ਬੁਆਏ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

ਜਲੰਧਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ 3 ਦਿਨਾਂ ਤੋਂ ਯੂਕੇ ‘ਚ ਹਨ। ਉੱਥੇ ਉਹ ਲਗਾਤਾਰ ਮੂਸੇਵਾਲਾ ਦੇ ਸਮਰਥਕਾਂ ਨੂੰ ਮਿਲ ਰਹੇ ਹਨ। ਬੀਤੇ ਦਿਨ ਉਨ੍ਹਾਂ ਨੇ ਨਾਈਜੀਰੀਅਨ ਗਾਇਕ ਰੈਪਰ ਬਰਨਾ ਬੁਆਏ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬਰਨਾ ਬੁਆਏ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਇੱਕ ਟੀ-ਸ਼ਰਟ ਭੇਂਟ ਕੀਤੀ, ਜਿਸ ‘ਤੇ ‘Home is Sidhu’ ਲਿਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਦੇ ਲਈ ਇਨਸਾਫ਼ ਦੀ ਮੰਗ ਕੀਤੀ। ਨਾਲ ਹੀ ਸਿੱਧੂ ਦੇ ਮਾਪਿਆਂ ਨੂੰ ਇੱਕ ਤਸਵੀਰ ਭੇਂਟ ਕੀਤੀ ਗਈ, ਜਿਸ ਨੂੰ ਨੱਗ (ਸਟੋਨਸ) ਨਾਲ ਬਣਾਇਆ ਗਿਆ।

ਇਸਤੋਂ ਇਲਾਵਾ ਹੁਣ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਸਿੱਧੂ ਦੇ ਮਾਤਾ-ਪਿਤਾ ਗਾਇਕ ਤੇ ਰੈਪਰ ਬਰਨਾ ਬੁਆਏ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਬਲਕੌਰ ਤੇ ਚਰਨ ਕੌਰ ਗਾਇਕ ਨਾਲ ਗੁਰਦੁਆਰਾ ਸਾਹਿਬ ‘ਚ ਬੈਠੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਬਲਕੌਰ ਸਿੰਘ ਅਤੇ ਚਰਨ ਕੌਰ ਇੱਥੇ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ਼ ਦੀ ਮੰਗ ਲਈ ਹੋਣ ਵਾਲੇ ਰੋਸ ‘ਚ ਸ਼ਾਮਲ ਹੋਣ ਲਈ ਗਏ। ਮੂਸੇਵਾਲਾ ਦਾ ਪਰਿਵਾਰ ਤੇ ਚਾਹੁਣ ਵਾਲੇ ਉਸ ਦੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਹਾਲ ਹੀ ‘ਚ ਜਾਂਚ ਦੀ ਜ਼ਿੰਮੇਵਾਰੀ ਕੇਂਦਰੀ ਜਾਂਚ ਏਜੰਸੀ ਐੱਨ. ਆਈ. ਏ. ਨੂੰ ਸੌਂਪੀ ਗਈ ਹੈ। ਇਸੇ ਦਰਮਿਆਨ ਸਿੱਧੂ ਦੇ ਮਾਪਿਆਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਉਹ ਦੇਸ਼ ਛੱਡ ਕੇ ਵਿਦੇਸ਼ ਚਲੇ ਜਾਣਗੇ।

PunjabKesari

ਦੱਸਣਯੋਗ ਹੈ ਕਿ ਯੂ. ਕੇ. ‘ਚ ਸਿੱਧੂ ਮੂਸੇਵਾਲਾ ਦੇ ਫ਼ੈਨਜ ਵੱਲੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ, ਜੋ ਯੂ. ਕੇ. ਦੀ ਸੰਸਦ ਦੇ ਬਾਹਰੋਂ ਲੰਘੇਗੀ। ਬਲਕੌਰ ਸਿੰਘ ਅਤੇ ਚਰਨ ਕੌਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਵਿਦੇਸ਼ ਗਏ ਹਨ। ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਮੂਸੇਵਾਲਾ ਦਾ ਪਰਿਵਾਰ ਤੇ ਚਾਹੁਣ ਵਾਲੇ ਉਸ ਦੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।

Add a Comment

Your email address will not be published. Required fields are marked *