ਸਭ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਕਰਾਂਗੇ ਬਹਾਲ

ਸ਼ਿਮਲਾ, 11 ਦਸੰਬਰ-: ਚਾਰ ਵਾਰ ਦੇ ਵਿਧਾਇਕ ਅਤੇ ਬੱਸ ਡਰਾਈਵਰ ਦੇ ਪੁੱਤਰ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਇਥੇ ਹਿਮਾਚਲ ਪ੍ਰਦੇਸ਼ ਦੇ 15ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ। ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਸੁੱਖੂ (58) ਅਤੇ ਮੁਕੇਸ਼ ਅਗਨੀਹੋਤਰੀ (60) ਨੂੰ ਹਲਫ਼ ਦਿਵਾਇਆ। ਪਿਛਲੀ ਵਿਧਾਨ ਸਭਾ ’ਚ ਵਿਰੋਧੀ ਧਿਰ ’ਚ ਆਗੂ ਰਹੇ ਅਗਨੀਹੋਤਰੀ ਸੂਬੇ ਦੇ ਪਹਿਲੇ ਉਪ ਮੁੱਖ ਮੰਤਰੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁੱਖੂ ਨੂੰ ਮੁੱਖ ਮੰਤਰੀ ਬਣਨ ’ਤੇ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਹਿਮਾਚਲ ਪ੍ਰਦੇਸ਼ ਦੇ ਹੋਰ ਵਿਕਾਸ ਲਈ ਕੇਂਦਰ ਵੱਲੋਂ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। 

ਹਲਫ਼ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਖੂ ਨੇ ਕਿਹਾ ਕਿ ਉਹ ਪਹਿਲੀ ਹੀ ਕੈਬਨਿਟ ਮੀਟਿੰਗ ’ਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਫ਼ੈਸਲੇ ਨੂੰ ਲਾਗੂ ਕਰਨਗੇ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਦਿੱਤੀਆਂ ਸਾਰੀਆਂ 10 ਗਾਰੰਟੀਆਂ ਨੂੰ ਸਰਕਾਰ ਵੱਲੋਂ ਪੂਰਾ ਕੀਤਾ ਜਾਵੇਗਾ। ਹਿਮਾਚਲ ਪ੍ਰਦੇਸ਼ ’ਚ ਜ਼ਮੀਨ ਨਾਲ ਜੁੜੇ ਆਗੂ ਸੁੱਖੂ ਨੂੰ ਮੁੱਖ ਮੰਤਰੀ ਬਣਾਉਣ ਨਾਲ ਕਾਂਗਰਸ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪਰਛਾਵੇਂ ਤੋਂ ਬਾਹਰ ਆਉਂਦੀ ਜਾਪ ਰਹੀ ਹੈ। ਸੂਬੇ ’ਚ ਸੱਤਾ ਦਾ ਕੇਂਦਰ ਹੁਣ ਪਹਾੜਾਂ ਤੋਂ ਮੈਦਾਨੀ ਇਲਾਕੇ ਵੱਲ ਤਬਦੀਲ ਹੋ ਗਿਆ ਹੈ। ਪਾਰਟੀ ਆਗੂਆਂ ਨੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਵੀਰਭੱਦਰ ਸਿੰਘ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਹੁਣ ਦੇਸ਼ ’ਚ ਕਾਂਗਰਸ ਦੀਆਂ ਛੱਤੀਸਗੜ੍ਹ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ’ਚ ਸਰਕਾਰਾਂ ਹਨ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸ਼ਿਮਲਾ ਦੇ ਇਤਿਹਾਸਕ ਰਿੱਜ ਮੈਦਾਨ ’ਤੇ ਹੋਏ ਹਲਫ਼ਦਾਰੀ ਸਮਾਗਮ ’ਚ ਹਾਜ਼ਰ ਸਨ। ਸਮਾਗਮ ’ਚ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਹਿਮਾਚਲ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਰਾਜੀਵ ਸ਼ੁਕਲਾ, ਪ੍ਰਦੇਸ਼ ਪ੍ਰਧਾਨ ਪ੍ਰਤਿਭਾ ਸਿੰਘ ਅਤੇ ਸੀਨੀਅਰ ਆਗੂ ਸਚਿਨ ਪਾਇਲਟ ਨੇ ਵੀ ਹਾਜ਼ਰੀ ਲੁਆਈ।

ਸਮਾਗਮ ਦੇਖਣ ਲਈ ਵੱਡੀ ਗਿਣਤੀ ’ਚ ਲੋਕ ਰਵਾਇਤੀ ਪੁਸ਼ਾਕਾਂ ਨਾਲ ਸਜੇ ਹੋਏ ਰਿੱਜ ’ਤੇ ਮੌਜੂਦ ਸਨ। ਉਨ੍ਹਾਂ ਲੋਕ ਸੰਗੀਤ ਦੀ ਧੁਨ ’ਤੇ ਨਾਚ ਕੀਤੇ ਅਤੇ ‘ਸੁੱਖੂ ਭਾਈ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ। ਕੁਝ ਉਤਸ਼ਾਹੀ ਸਮਰਥਕ ਆਪਣੇ ਸੰਭਾਵੀ ਮੰਤਰੀਆਂ ਨੂੰ ਮੋਢਿਆਂ ’ਤੇ ਚੁੱਕ ਕੇ ਹਲਫ਼ਦਾਰੀ ਵਾਲੇ ਸਮਾਗਮ ਤੱਕ ਪਹੁੰਚੇ। ਉਂਜ ਕਿਸੇ ਹੋਰ ਮੰਤਰੀ ਨੂੰ ਸਹੁੰ ਨਹੀਂ ਚੁਕਾਈ ਗਈ ਹੈ। ਹਲਫ਼ਦਾਰੀ ਸਮਾਗਮ ’ਚ ਸੁੱਖੂ ਦੀ ਮਾਂ, ਪਤਨੀ ਅਤੇ ਧੀਆਂ ਵੀ ਹਾਜ਼ਰ ਸਨ। ਪ੍ਰਦੇਸ਼ ਕੈਬਨਿਟ ’ਚ ਮੁੱਖ ਮੰਤਰੀ ਸਮੇਤ 12 ਮੰਤਰੀ ਹੋ ਸਕਦੇ ਹਨ। ਹੁੱਡਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਸਰਕਾਰ ਦੇ ਗਠਨ ਨਾਲ ਪਾਰਟੀ ’ਚ ਨਵੀਂ ਜਾਨ ਪੈਦਾ ਹੋ ਗਈ ਹੈ। ‘ਜਦੋਂ ਬਦਲਾਅ ਦੀ ਹਵਾ ਪਹਾੜਾਂ ਤੋਂ ਵਗਦੀ ਹੈ ਤਾਂ ਇਹ ਮੈਦਾਨਾਂ ਤੱਕ ਜਾਂਦੀ ਹੈ।’ ਸੁੱਖੂ ਨੂੰ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਸ਼ਰੀਕ ਸਮਝਿਆ ਜਾਂਦਾ ਸੀ ਅਤੇ ਉਹ ਹਮੀਰਪੁਰ ਜ਼ਿਲ੍ਹੇ ਦੇ ਨਦੌਣ ਤੋਂ ਵਿਧਾਇਕ ਹਨ। ਉਹ ਲੋਅਰ ਹਿਮਾਚਲ ਦੇ ਪਹਿਲੇ ਕਾਂਗਰਸ ਆਗੂ ਹਨ ਜੋ ਮੁੱਖ ਮੰਤਰੀ ਬਣੇ ਹਨ। ਇਨ੍ਹਾਂ ਇਲਾਕਿਆਂ ’ਚ ਨਾਲਾਗੜ੍ਹ, ਊਨਾ, ਹਮੀਰਪੁਰ, ਕਾਂਗੜਾ ਅਤੇ ਕੁੱਲੂ ਦੇ ਕੁਝ ਇਲਾਕੇ ਆਉਂਦੇ ਹਨ। ਉਹ ਭਾਜਪਾ ਦੇ ਪ੍ਰੇਮ ਕੁਮਾਰ ਧੂਮਲ ਤੋਂ ਬਾਅਦ ਹਮੀਰਪੁਰ ਜ਼ਿਲ੍ਹੇ ਤੋਂ ਮੁੱਖ ਮੰਤਰੀ ਬਣਨ ਵਾਲੇ ਦੂਜੇ ਆਗੂ ਹਨ।

ਪੱਤਰਕਾਰ ਤੋਂ ਸਿਆਸਤਦਾਨ ਬਣੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਦਾ ਬ੍ਰਾਹਮਣ ਚਿਹਰਾ ਹਨ ਅਤੇ ਪਾਰਟੀ ਨੂੰ ਆਸ ਹੈ ਕਿ ਉਨ੍ਹਾਂ ਨੂੰ ਅਹੁਦਾ ਦੇ ਕੇ ਭਾਈਚਾਰੇ ਦੀ ਹਮਾਇਤ ਬਹਾਲ ਰਹੇਗੀ। ਅਗਨੀਹੋਤਰੀ ਵੀ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਸਨ ਪਰ ਪਾਰਟੀ ਨੇ ਸੁੱਖੂ ’ਤੇ ਵਿਸ਼ਵਾਸ ਜਤਾਇਆ। ਊਨਾ ਜ਼ਿਲ੍ਹੇ ਦੇ ਹਰੋਲੀ ਤੋਂ ਪੰਜ ਵਾਰ ਦੇ ਵਿਧਾਇਕ ਅਗਨੀਹੋਤਰੀ ਦੇ ਪਿਤਾ ਓਂਕਾਰ ਸ਼ਰਮਾ ਨੇ 1988 ’ਚ ਸੰਤੋਖਗੜ੍ਹ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਅਗਨੀਹੋਤਰੀ ਨੇ ਲੋਕ ਸੰਪਰਕ ਅਤੇ ਵਿਗਿਆਪਨ ਦਾ ਪੀਜੀ ਡਿਪਲੋਮਾ ਕੀਤਾ ਹੋਇਆ ਹੈ ਅਤੇ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਪੱਤਰਕਾਰ ਵਜੋਂ ਹਿੰਦੀ ਅਖ਼ਬਾਰ ‘ਵੀਰ ਪ੍ਰਤਾਪ’ ਤੋਂ ਕੀਤੀ ਸੀ। ਸਿਆਸਤ ’ਚ ਆਉਣ ਤੋਂ ਪਹਿਲਾਂ ਉਹ ‘ਜਨਸੱਤਾ’ ’ਚ ਬਿਊਰੋ ਮੁਖੀ ਵੀ ਰਹੇ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਸੀ ਅਤੇ ਉਹ ਪ੍ਰਦੇਸ਼ ’ਚ ਸਨਅਤ ਮੰਤਰੀ ਵੀ ਰਹੇ। 

Add a Comment

Your email address will not be published. Required fields are marked *