ਬੀਆਰਐੱਸ ਆਗੂ ਕਵਿਤਾ ਨੇ ਈਡੀ ਨੂੰ ਸੌਂਪੇ ਮੋਬਾਈਲ ਫੋਨ

ਨਵੀਂ ਦਿੱਲੀ, 21 ਮਾਰਚ-: ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਬੀਆਰਐੱਸ ਆਗੂ ਕੇ. ਕਵਿਤਾ ਅੱਜ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਇਕ ਵਾਰ ਮੁੜ ਪੇਸ਼ ਹੋਈ। ਜਾਂਚ ਏਜੰਸੀ ਨੇ ਉਸ ਕੋਲੋਂ 10 ਘੰਟੇ ਪੁੱਛ-ਪੜਤਾਲ ਕੀਤੀ। ਕਵਿਤਾ ਨੇ ਕਿਹਾ ਕਿ ਉਸ ਨੇ ਹਾਲੇ ਤਕ ਵਰਤੋਂ ਕੀਤੇ ਸਾਰੇ ਮੋਬਾਈਲ ਫੋਨ ਈਡੀ ਨੂੰ ਸੌਂਪ ਦਿੱਤੇ ਹਨ। ਉਸ ਨੇ ਈਡੀ ਦੇ ਦਫ਼ਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਮੀਡੀਆ ਨੂੰ ਕੁੱਝ ਫੋਨ ਵੀ ਦਿਖਾਏ ਤੇ ਕਿਹਾ ਕਿ ਇਨ੍ਹਾਂ ਫੋਨਾਂ ਨੂੰ ਉਹ ਈਡੀ ਨੂੰ ਸੌਂਪਣ ਜਾ ਰਹੀ ਹੈ। ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਸਾਲ ਕਵਿਤਾ ਨੂੰ ਜਾਰੀ ਕੀਤੀ ਪਹਿਲੀ ਚਾਰਜਸ਼ੀਟ ਵਿੱਚ ਦੋਸ਼ ਲਾਇਆ ਸੀ ਕਿ ਉਹ ਦੋ ਮੋਬਾਈਲ ਫੋਨ ਵਰਤ ਰਹੀ ਹੈ ਜਿਨ੍ਹਾਂ ਦੇ ਆਈਐੱਮਈਆਈ 10 ਵਾਰ ਬਦਲੇ ਜਾ ਚੁੱਕੇ ਹਨ। ਇਸ ਸਬੰਧ ਵਿੱਚ ਕਵਿਤਾ ਨੇ ਕਿਹਾ ਕਿ ਈਡੀ ਕਿਸ ਆਧਾਰ ’ਤੇ ਅਜਿਹਾ ਦੋਸ਼ ਲਗਾ ਸਕਦੀ ਹੈ ਜਦੋਂ ਕਿ ਈਡੀ ਨੇ ਇਸ ਮਾਮਲੇ ਵਿੱੱਚ ਉਸ ਨੂੰ ਸੰਮਨ ਵੀ ਜਾਰੀ ਨਹੀਂ ਕੀਤੇ ਸਨ ਤੇ ਨਾ ਹੀ ਕੋਈ ਪੁੱਛ-ਪੜਤਾਲ ਕੀਤੀ ਸੀ। ਉਸ ਨੇ ਕਿਹਾ ਈਡੀ ਬੇਬੁਨਿਆਦ ਦੋੋਸ਼ ਲਗਾ ਰਹੀ ਹੈ ਜਿਸ ਕਾਰਨ ਉਸ ਨੇ ਆਪਣੇ ਸਾਰੇ ਫੋਨ ਜਾਂਚ ਏਜੰਸੀ ਨੂੰ ਸੌਂਪ ਦਿੱਤੇ ਹਨ ਤਾਂ ਕਿ ਸ਼ੰਕੇ ਦੂਰ ਕੀਤੇ ਜਾ ਸਕਣ। ਜ਼ਿਕਰਯੋਗ ਹੈ ਕਿ ਕੇ. ਕਵਿਤਾ (44) ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਧੀ ਹੈ ਜੋ ਕਿ ਤੀਜੀ ਵਾਰ ਈਡੀ ਅੱਗੇ ਪੇਸ਼ ਹੋਈ ਹੈ। ਅੱਜ ਦੀ ਪੇਸ਼ੀ ਤੋਂ ਇਲਾਵਾ ਉਹ 11 ਤੇ 20 ਮਾਰਚ ਨੂੰ ਵੀ ਈਡੀ ਅੱਗੇ ਪੇਸ਼ ਹੋਈ ਸੀ ਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਉਸ ਤੋਂ 18-19 ਘੰਟੇ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ।

Add a Comment

Your email address will not be published. Required fields are marked *