ਭਾਜਪਾ ਨੇਤਾ ਦੀ ਮੰਗ, ਭਾਰਤੀ ਕਰੰਸੀ ‘ਤੇ ਲਾਈ ਜਾਵੇ PM ਮੋਦੀ ਤੇ ਵੀਰ ਸਾਵਰਕਰ ਦੀ ਤਸਵੀਰ

ਭਾਰਤੀ ਕਰੰਸੀ ‘ਤੇ ਮਹਾਤਮਾ ਗਾਂਧੀ ਦੇ ਨਾਲ-ਨਾਲ ਭਗਵਾਨ ਗਣੇਸ਼ ਅਤੇ ਮਾਤਾ ਲਕਸ਼ਮੀ ਦੀ ਫੋਟੋ ਲਗਾਉਣ ਦੀ ਅਰਵਿੰਦ ਕੇਜਰੀਵਾਲ ਦੀ ਮੰਗ ਤੋਂ ਬਾਅਦ ਹੁਣ ਰਾਜਨੀਤਕ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ। ਹੁਣ ਇਸ ਵਿਵਾਦ ‘ਚ ਭਾਜਪਾ ਨੇਤਾ ਰਾਮ ਕਦਮ ਵੀ ਆ ਗਏ ਹਨ। ਉਨ੍ਹਾਂ ਨੇ ਟਵੀਟ ਕਰ ਕੇ 500 ਰੁਪਏ ਦੇ ਨੋਟ ਸ਼ੇਅਰ ਕੀਤੇ ਹਨ, ਜਿਨ੍ਹਾਂ ‘ਤੇ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲੱਗੀ ਹੋਈ ਹੈ। ਇਨ੍ਹਾਂ ਫੋਟੋਜ਼ ਨੂੰ ਫੋਟੋਸ਼ਾਪ ਰਾਹੀਂ ਬਣਾਇਆ ਗਿਆ ਹੈ। ਭਾਜਪਾ ਨੇਤਾ ਰਾਮ ਕਦਮ ਨੇ ਟਵੀਟ ਕਰ ਕੇ ਲਿਖਿਆ,”ਅਖੰਡ ਭਾਰਤ, ਨਵਾਂ ਭਾਰਤ, ਮਹਾਨ ਭਾਰਤ, ਜੈ ਸ਼੍ਰੀਰਾਮ, ਜੈ ਮਾਤਾ ਦੀ।” ਇਸ ਦੇ ਨਾਲ ਹੀ ਉਨ੍ਹਾਂ ਨੇ ਚਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਿ ਫੋਟੋਸ਼ਾਪ ਰਾਹੀਂ ਬਣਾਈਆਂ ਗਈਆਂ ਹਨ। ਰਾਮ ਕਦਮ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਤੇ 500 ਰੁਪਏ ਦੇ ਨੋਟ ‘ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਗ੍ਹਾ ਛਤਰਪਤੀ ਸ਼ਿਵਾ ਜੀ ਮਹਾਰਾਜ, ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ, ਸੁਤੰਤਰਤਾ ਸੈਨਾਨੀ ਵਿਨਾਇਕ ਸਾਵਰਕਰ ਅਤੇ ਪੀ.ਐੱਮ. ਨਰਿੰਦਰ ਮੋਦੀ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ। 

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਭਾਰਤੀ ਕਰੰਸੀ ‘ਤੇ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਸੀ। ਭਾਜਪਾ ਨੇ ਕੇਜਰੀਵਾਲ ਦੀ ਮੰਗ ਨੂੰ ‘ਯੂ-ਟਰਨ ਦੀ ਰਾਜਨੀਤੀ’ ਦਾ ਵਿਸਥਾਰ ਕਰਾਰ ਦਿੱਤਾ ਸੀ ਅਤੇ ਪਾਖੰਡ ਦੱਸਿਆ ਸੀ। ਭਾਜਪਾ ਨੇਤਾ ਮਨੋਜ ਤਿਵਾੜੀ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਜੋ ਲੋਕ ਰਾਮ ਮੰਦਰ ਦਾ ਵਿਰੋਧ ਕਰਦੇ ਸਨ, ਉਹ ਨਵਾਂ ਮਖੌਟਾ ਲੈ ਆਏ ਹਨ। ਭਾਜਪਾ ਨੇ ਦੋਸ਼ ਲਗਾਇਆ ਕਿ ‘ਆਪ’ ਦੀ ਹਿੰਦੂ ਵਿਰੋਧੀ ਮਾਨਸਿਕਤਾ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਇਹ ਮੰਗ ਕੀਤੀ ਹੈ।

Add a Comment

Your email address will not be published. Required fields are marked *